24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸਾਡੀ ਪਾਰਟੀ ਪੂਰੀ ਤਰ੍ਹਾਂ ਤਿਆਰ, ਭਾਵੇਂ ਕੱਲ੍ਹ ਚੋਣਾਂ ਕਰਵਾ ਲਓ-ਅਮਨ ਅਰੋੜਾ <br/>

ਅਜੀਤ ਡੈਸਕ 17-06-2026

ਕਿਹਾ, ਕਿਸੇ ਵੀ ਸਿਆਸੀ ਪਾਰਟੀ ਕੋਲ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਦਾ ਚਿਹਰਾ ਨਹੀਂ
ਪੇਸ਼ਕਸ਼ : ਜਤਿੰਦਰ ਪੰਮੀ

ਜਲੰਧਰ, 16 ਜੂਨ-ਆਮ ਆਦਮੀ ਪਾਰਟੀ ਅਗਲੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ, ਭਾਵੇਂ ਚੋਣ ਕਮਿਸ਼ਨ ਵਲੋਂ ਕੱਲ੍ਹ ਹੀ ਪੰਜਾਬ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਲਈਆਂ ਜਾਣ | ਸਾਡੀ ਪਾਰਟੀ ਦੋ ਮੁੱਖ ਸਿਧਾਂਤਾਂ 'ਤੇ ਆਧਾਰਿਤ ਕੰਮ ਕਰਦੀ ਹੈ, ਜਿਨ੍ਹਾਂ ਵਿਚ ਇਮਾਨਦਾਰੀ ਨਾਲ ਰਾਜਨੀਤੀ ਤੇ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕਰਨਾ | ਇਨ੍ਹਾਂ ਦੋਵਾਂ ਸਿਧਾਂਤਾਂ 'ਤੇ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖੁਦ ਵੀ ਅਮਲ ਕਰਦੇ ਹਨ ਤੇ ਸਾਨੂੰ ਸਾਰਿਆਂ ਨੂੰ ਇਸ ਮੁਤਾਬਕ ਚੱਲਣ ਲਈ ਅਗਵਾਈ ਪ੍ਰਦਾਨ ਕਰ ਰਹੇ ਹਨ | ਸਾਡੀ ਪਾਰਟੀ ਦੀ ਸਰਕਾਰ ਸੱਤਾ 'ਚ ਆਉਣ ਦੇ ਪਹਿਲੇ ਦਿਨ ਤੋਂ ਹੀ ਇਨ੍ਹਾਂ ਸਿਧਾਂਤਾਂ 'ਤੇ ਕੰਮ ਕਰਦੀ ਆ ਰਹੀ ਹੈ | ਇਹ ਦਾਅਵਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਮੁੱਖ ਮੰਤਰੀ ਭਗਵੰਤ ਮਾਨ ਨੂੰ ਅਗਲੀਆਂ ਚੋਣਾਂ ਲਈ 'ਆਪ' ਵਲੋਂ ਮੁੜ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਬਾਰੇ ਪੁੱਛਿਆ ਗਿਆ ਤਾਂ ਅਮਨ ਅਰੋੜਾ ਨੇ ਕਿਹਾ ਕਿ ਸਾਡੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਲੋਕ ਭਲਾਈ ਕੰਮਾਂ ਕਾਰਨ ਪੰਜਾਬ ਵਾਸੀਆਂ 'ਚ ਹਰਮਨ-ਪਿਆਰਤਾ ਹਾਸਲ ਕਰ ਚੁੱਕੇ ਹਨ | 'ਆਪ' ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਹੋਵੇਗੀ, ਜਿਸ ਦੇ ਸਵਾ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਸੱਤਾ ਪੱਖੀ ਲੋਕ ਲਹਿਰ ਚੱਲ ਰਹੀ ਹੈ | ਇਸ ਵੇਲੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ 'ਚੋਂ ਭਗਵੰਤ ਮਾਨ ਮੁੱਖ ਮੰਤਰੀ ਦੇ ਸਭ ਤੋਂ ਹਰਮਨ-ਪਿਆਰੇ ਚਿਹਰੇ ਹਨ | ਇਸੇ ਲਈ ਪਾਰਟੀ ਨੇ ਮੁੜ ਉਨ੍ਹਾਂ ਨੂੰ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ, ਜਿਸ ਦਾ ਜਨਤਕ ਤੌਰ 'ਤੇ ਰਸਮੀ ਐਲਾਨ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪਿਛਲੇ ਦਿਨੀਂ ਕਰ ਦਿੱਤਾ ਗਿਆ ਸੀ | ਕੇਂਦਰ ਦੀ ਸੱਤਾ 'ਚ ਕਾਬਜ਼ ਭਾਰਤੀ ਜਨਤਾ ਪਾਰਟੀ ਵਲੋਂ ਹੁਣੇ ਜਿਹੇ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਜਿੱਤ ਦਰਜ ਕੀਤੇ ਜਾਣ ਪਿੱਛੋਂ ਭਾਜਪਾ ਨਾਲ ਚੋਣ ਮੁਕਾਬਲੇ ਬਾਰੇ ਪੁੱਛੇ ਜਾਣ 'ਤੇ 'ਆਪ' ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੇ ਉਥੋਂ ਦੀਆਂ ਚੋਣਾਂ ਜਿੱਤੀਆਂ ਨਹੀਂ ਬਲਕਿ ਈ. ਡੀ. ਤੇ ਸੀ. ਬੀ. ਆਈ. ਦੇ ਜ਼ੋਰ 'ਤੇ ਲੁੱਟੀਆਂ ਹਨ ਪਰ ਪੰਜਾਬ 'ਚ ਅਜਿਹਾ ਨਹੀਂ ਹੈ | ਸੂਬਾ ਵਾਸੀਆਂ ਨੇ ਪਿਛਲੇ ਸਮੇਂ ਦੌਰਾਨ ਪੇਂਡੂ ਤੇ ਸ਼ਹਿਰੀ ਖੇਤਰ ਦੀਆਂ ਸਥਾਨਕ ਸਰਕਾਰਾਂ ਚੋਣਾਂ ਦੌਰਾਨ 'ਆਪ' ਦੇ ਹੱਕ 'ਚ ਭੁਗਤ ਕੇ ਭਾਜਪਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਵਿਧਾਨ ਸਭਾ ਚੋਣਾਂ 'ਚ ਉਸ ਦਾ ਪਿੰਡਾਂ ਤਾਂ ਕੀ ਸ਼ਹਿਰਾਂ 'ਚ ਵੀ ਕੁਝ ਨਹੀਂ ਬਣਨਾ | ਅਕਾਲੀ ਤੇ ਕਾਂਗਰਸ ਨਾਲ ਮੁਕਾਬਲੇ ਬਾਰੇ ਪੁੱਛੇ ਜਾਣ 'ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਦਾ ਗੱਠਜੋੜ ਜੋ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਵਾਜਪਾਈ-ਅਡਵਾਨੀ ਵਰਗੇ ਸਿਆਸਤਦਾਨਾਂ ਵਿਚਾਲੇ ਸੀ, ਹੁਣ ਉਹ ਸਥਿਤੀ ਨਹੀਂ ਰਹੀ | ਉਕਤ ਗਠਜੋੜ ਵਿਧਾਨ ਸਭਾ ਚੋਣਾਂ ਦੌਰਾਨ 60-65 ਸੀਟਾਂ ਜਿੱਤ ਕੇ ਹੀ ਸਰਕਾਰ ਬਣਾਉਂਦਾ ਸੀ ਪਰ ਹੁਣ ਭਾਵੇਂ ਦੋਵੇਂ ਪਾਰਟੀਆਂ ਗੱਠਜੋੜ ਕਰ ਲੈਣ ਜਾਂ 'ਕੱਲ੍ਹੇ-ਕੱਲ੍ਹੇ' ਚੋਣਾਂ ਲੜ ਲੈਣ, ਉਹ ਸਰਕਾਰ ਬਣਾਉਣ ਦੇ ਨੇੜੇ-ਤੇੜੇ ਵੀ ਨਹੀਂ ਪੁੱਜਣੀਆਂ | ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਅਤੇ ਚਿੱਟੇ ਦੇ ਦੋਸ਼ ਲੱਗਣ ਉਪਰੰਤ ਅਕਾਲੀ ਦਲ ਅਤੇ ਤਿੰਨ ਕਾਲੇ ਖੇਤੀ ਕਾਨੂੰਨ ਤੇ ਪੰਜਾਬ ਤੇ ਪੰਜਾਬੀਆਂ ਪ੍ਰਤੀ ਭਾਜਪਾ ਦਾ ਕਾਲਾ ਚਿਹਰਾ ਸਾਹਮਣੇ ਆਉਣ ਕਾਰਨ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ | ਕਾਂਗਰਸ ਬਾਰੇ ਗੱਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਸੂਬੇ 'ਚ ਖਿੱਲਰੀ ਪਈ ਹੈ | ਉਸ ਦੇ ਸਾਰੇ ਹੀ ਲੀਡਰ ਇਕ-ਦੂਜੇ ਦਾ ਗਲਮਾ ਫੜ ਰਹੇ ਹਨ ਤੇ ਉਸ 'ਚ ਪਾਟੋ-ਧਾੜ ਪਈ ਹੋਈ ਹੈ | ਇਸ ਲਈ ਕਾਂਗਰਸ ਕੋਲ ਪੰਜਾਬ ਵਾਸੀਆਂ ਲਈ ਕੋਈ ਰੋਡ ਮੈਪ ਨਹੀਂ ਹੈ | ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਦੀ ਪੰਜ ਸਾਲ ਦੀ ਕਾਰਗੁਜ਼ਾਰੀ ਦੇਖ ਕੇ ਨਹੀਂ ਲਗਦਾ ਕਿ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੂੰਹ ਲਾਉਣਗੇ |

ਪਿਛਲੀ ਖ਼ਬਰ ਹੁਣ ਡਾਕਟਰ ਦੀ ਪਰਚੀ ਦੇ ਬਗੈਰ ਨਹੀਂ ਮਿਲੇਗੀ 'ਖੰੰਘ ਦੀ ਦਵਾਈ' ਅਗਲੀ ਖ਼ਬਰ ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰੱਸ ਸੇਵਾ ਦੀ ਰੇਲ ਰਾਜ ਮੰਤਰੀ ਬਿੱਟੂ ਵਲੋਂ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।