ਕੋਟਾ, 17 ਜੂਨ (ਏਜੰਸੀ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਚੋਣ ਪ੍ਰਣਾਲੀ ਦੀ ਬਜਾਏ 'ਅਸਵੀਕਾਰਯੋਗ ਪ੍ਰਣਾਲੀ' ਦੱਸਿਆ ਤੇ ਦੋਸ਼ ਲਗਾਇਆ ਕਿ ਇਹ ਵਿਦਿਆਰਥੀਆਂ ਅਤੇ ਮੱਧ ਵਰਗੀ ਪਰਿਵਾਰਾਂ 'ਤੇ ਬਹੁਤ ਜ਼ਿਆਦਾ ਵਿੱਤੀ ਬੋਝ ਅਤੇ ਤਣਾਅ ਪਾਉਂਦੀ ਹੈ | ਕੋਟਾ ਦੇ ਕੋਚਿੰਗ ਹੱਬ 'ਚ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਿੱਖਿਆ ਢਾਂਚਾ 'ਬਹੁਤ ਤਣਾਅਪੂਰਨ ਅਤੇ ਅਣ-ਉੁਚਿਤ' ਹੈ | ਭਾਰਤ ਦੀ ਸਿੱਖਿਆ ਪ੍ਰਣਾਲੀ ਇਕ ਉਗਰਾਹੀ ਕਰਨ ਵਾਲੀ ਮਸ਼ੀਨ ਹੈ | ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹੀ ਪ੍ਰਣਾਲੀ ਚਾਹੁੰਦੇ ਹਾਂ ਜੋ ਤੁਹਾਨੂੰ ਵੱਡੇ ਸੁਪਨੇ ਦੇਖਣ ਦੀ ਆਗਿਆ ਦੇਵੇ | ਰਾਹੁਲ ਨੇ ਕਿਹਾ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਬੱਚਿਆਂ 'ਤੇ ਦਬਾਅ ਪਾਉਂਦੀ ਹੈ, ਉਨ੍ਹਾਂ ਨੂੰ ਤਣਾਅ ਦਿੰਦੀ ਹੈ | ਕੋਟਾ 'ਚ 'ਵਿਦਿਆਰਥੀਓਾ ਕੀ ਗੂੰਜ' ਮਹਾਂ ਰੈਲੀ 'ਚ ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਮਿਲ ਕੇ ਇਹ ਯਕੀਨੀ ਬਣਾਉਣ ਲਈ ਕੰਮ ਕਰੀਏ ਕਿ ਇਸ ਦੇਸ਼ ਵਿਚ ਕੋਈ ਵੀ ਵਿਦਿਆਰਥੀ ਕਦੇ ਵੀ ਉਹ ਮਹਿਸੂਸ ਨਾ ਕਰੇ ਜੋ ਇਸ ਕੁੜੀ (ਜਿਹੜੀ ਕਿ ਖੁਦਕੁਸ਼ੀ ਕਰ ਗਈ) ਨੇ ਮਹਿਸੂਸ ਕੀਤਾ | ਉਨ੍ਹਾਂ ਨੇ ਪੇਪਰ ਲੀਕ ਅਤੇ ਬੇਰੁਜ਼ਗਾਰੀ ਵਰਗੇ ਵੱਖ-ਵੱਖ ਮੁੱਦਿਆਂ 'ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ |