19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫ਼ੌਜੀ ਕਮਾਂਡ ਦੇ ਨਾਂਅ 'ਚੋਂ 'ਇੰਡੀਅਨ ਓਸ਼ੀਅਨ' ਦਾ ਹਵਾਲਾ ਹਟਾਇਆ <br/>

ਅਜੀਤ ਡੈਸਕ 18-06-2026
ਵਾਸ਼ਿੰਗਟਨ, 17 ਜੂਨ (ਪੀ. ਟੀ. ਆਈ.)-ਅਮਰੀਕਾ ਦੇ ਰੱਖਿਆ ਵਿਭਾਗ ਨੇ ਆਪਣੀ ਸਭ ਤੋਂ ਵੱਡੀ ਫ਼ੌਜੀ ਕਮਾਂਡ ਦੇ ਨਾਂਅ ਵਿਚ ਬਦਲਾਅ ਦਾ ਐਲਾਨ ਕੀਤਾ ਹੈ ਅਤੇ 'ਇੰਡੀਅਨ ਓਸ਼ੀਅਨ' (ਹਿੰਦ ਮਹਾਸਾਗਰ) ਦੇ ਹਵਾਲੇ ਨੂੰ ਹਟਾ ਦਿੱਤਾ ਹੈ | ਅਮਰੀਕੀ ਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਯੂ.ਐੱਸ. ਇੰਡੋ-ਪੈਸੀਫਿਕ ਕਮਾਂਡ ਅਧਿਕਾਰਤ ਤੌਰ 'ਤੇ ਆਪਣੇ ਅਸਲ ਨਾਂਅ—ਯੂ.ਐਸ. ਪੈਸੀਫਿਕ ਕਮਾਂਡ 'ਤੇ ਵਾਪਸ ਪਰਤ ਜਾਵੇਗੀ | ਇਸ ਦੇ ਨਾਲ ਹੀ ਪੈਸੀਫ਼ਿਕ ਕਮਾਂਡ ਦੀ ਵੈੱਬਸਾਈਟ 'ਤੇ ਮੌਜੂਦ 'ਜ਼ਿੰਮੇਵਾਰੀ ਦੀ ਖੇਤਰ' ਵਾਲੇ ਨਕਸ਼ੇ ਨੇ ਦੇਸ਼ 'ਚ ਰਾਜਨੀਤਕ ਰੋਸ ਪੈਦਾ ਕਰ ਦਿੱਤਾ ਹੈ, ਕਿਉਂਕਿ ਇਸ 'ਚ ਭਾਰਤੀ ਸਰਹੱਦਾਂ ਨੂੰ ਗਲਤ ਤਰੀਕੇ ਨਾਲ ਵਿਖਾਇਆ ਗਿਆ ਹੈ | ਇਸ ਨਕਸ਼ੇ 'ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਅਕਸਾਈ ਚਿੰਨ ਨੂੰ ਭਾਰਤ ਦਾ ਹਿੱਸਾ ਨਹੀਂ ਵਿਖਾਇਆ ਗਿਆ | ਵੈੱਬਸਾਈਟ ਦੇ ਜਿਸ ਹਿੱਸੇ 'ਚ ਇਹ ਗਲਤ ਨਕਸ਼ਾ ਲੱਗਿਆ ਹੈ, ਉਥੇ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਸੰਬੰਧਿਤ ਵੈਬ ਪੇਜ ਨੂੰ ਆਖਰੀ ਵਾਰ ਮਾਰਚ 'ਚ ਸੋਧਿਆ ਗਿਆ ਸੀ | ਨਵੀਂ ਦਿੱਲੀ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਤੇ ਲੱਦਾਖ਼ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦੇ ਅਨਿੱਖੜਵੇਂ ਹਿੱਸੇ ਹਨ, ਕਿਉਂਕਿ 1947 'ਚ ਜੰਮੂ-ਕਸ਼ਮੀਰ ਦਾ ਭਾਰਤ 'ਚ ਪੂਰਨ, ਕਾਨੂੰਨੀ ਰਲੇਵਾਂ ਹੋਇਆ ਸੀ | ਵਿਰੋਧੀ ਧਿਰ ਕਾਂਗਰਸ ਨੇ ਨਕਸ਼ੇ ਦੇ ਮੁੱਦੇ 'ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਹੈ | ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਮੋਦੀ ਦੇ ਦੋਸਤਾਂ ਦੀ ਭਾਰਤ, ਭਾਰਤ ਦੇ ਹਿਤਾਂ ਤੇ ਭਾਰਤ ਦੇ ਦੋਸਤਾਂ ਖਿਲਾਫ਼ ਕੰਮ ਕਰਨ ਦੀ ਅਜੀਬ ਆਦਤ ਹੈ | ਇਸ ਦੀ ਤਾਜ਼ਾ ਉਦਾਹਰਨ ਹੈ ਕਿ ਅਮਰੀਕਾ ਦੀ ਪੈਸੀਫਿਕ ਕਮਾਂਡ ਨੇ ਭਾਰਤ ਦਾ ਗਲਤ ਨਕਸ਼ਾ ਇਸਤੇਮਾਲ ਕੀਤਾ | ਖੇੜਾ ਨੇ ਕਿਹਾ ਕਿ ਕੋਈ ਵੀ ਇਹ ਪੁੱਛਣ 'ਤੇ ਮਜਬੂਰ ਹੋ ਜਾਵੇਗਾ ਕਿ ਕਿਸੇ ਦੇਸ਼ ਨੂੰ ਦੁਸ਼ਮਣਾਂ ਦੀ ਕੀ ਲੋੜ ਹੈ, ਜਦੋਂ ਉਸ ਦਾ ਪ੍ਰਧਾਨ ਮੰਤਰੀ ਦੇਸ਼ ਨੂੰ ਅਜਿਹੀ ਲੁੱਟ-ਖਸੁੱਟ ਦੋਸਤੀ 'ਚ ਧੱਕ ਦੇਵੇ |

ਪਿਛਲੀ ਖ਼ਬਰ ਈਰਾਨ ਨੇ ਸ਼ਰਤਾਂ ਨਾ ਮੰਨੀਆਂ ਤਾਂ ਮੁੜ ਬੰਬਾਰੀ ਕਰਾਂਗੇ-ਟਰੰਪ <br/> ਅਗਲੀ ਖ਼ਬਰ ਦੇਹਰਾਦੂਨ 'ਚ 'ਨੀਟ' ਪ੍ਰੀਖਿਆਰਥਣ ਵਲੋਂ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।