07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਅਮਰੀਕਾ ਤੇ ਈਰਾਨ ਵਿਚਾਲੇ ਸਵਿਟਜ਼ਰਲੈਂਡ ’ਚ ਗੱਲਬਾਤ ਸ਼ੁਰੂ

ਅਜੀਤ ਡੈਸਕ 22-06-2026


ਅੰਮ੍ਰਿਤਸਰ, 21 ਜੂਨ (ਸੁਰਿੰਦਰ ਕੋਛੜ)- ਅਮਰੀਕਾ ਅਤੇ ਈਰਾਨ ਨੇ ਸਵਿਟਜ਼ਰਲੈਂਡ ’ਚ ਤਕਨੀਕੀ-ਪੱਧਰੀ ਗੱਲਬਾਤ ਸ਼ੁਰੂ ਕੀਤੀ ਹੈ। ਇਹ ਮੀਟਿੰਗ ਬਰਗੇਨਸਟੌਕ ’ਚ ਹੋ ਰਹੀ ਹੈ, ਜਿਸ ’ਚ ਪਾਕਿਸਤਾਨ ਅਤੇ ਕਤਰ ਸਮਝੌਤੇ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਲਾਗੂ ਕਰਨ ’ਚ ਸਹਾਇਤਾ ਕਰਨ ਲਈ ਵਿਚੋਲੇ ਵਜੋਂ ਹਿੱਸਾ ਲੈ ਰਹੇ ਹਨ। ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਅਤੇ ਅਮਰੀਕੀ ਵਾਰਤਾਕਾਰਾਂ ਨੇ ਲੇਕ ਲਯੂਰਸਨ ਕੋਲ ਸਵਿਟਜ਼ਰਲੈਂਡ ਦੇ ਇਕ ਪਹਾੜੀ ਰਿਜ਼ਾਰਟ ‘ਚ ਈਰਾਨੀ ਸੰਸਦੀ ਸਪੀਕਰ ਬਾਘੇਰ ਗਾਲਿਬਾਫ਼ ਅਤੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਮੁਲਾਕਾਤ ਕੀਤੀ। ਈਰਾਨੀ ਸਰਕਾਰੀ ਮੀਡੀਆ ਅਨੁਸਾਰ ਦੋਵਾਂ ਧਿਰਾਂ ਵਿਚਾਲੇ ਸਿੱਧੀ ਗੱਲਬਾਤ ਲਗਭਗ 80 ਮਿੰਟ ਤੱਕ ਚੱਲੀ। ਅਮਰੀਕੀ ਅਤੇ ਈਰਾਨੀ ਗੱਲਬਾਤ ਟੀਮਾਂ ਨੇ ਪਾਕਿਸਤਾਨੀ ਅਤੇ ਕਤਰੀ ਅਧਿਕਾਰੀਆਂ ਨਾਲ ਵੱਖ-ਵੱਖ ਨਿੱਜੀ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਸ਼ਰੀਫ਼ ਗੱਲਬਾਤ ’ਚ ਹਿੱਸਾ ਲੈਣ ਲਈ ਇਕ ਉੱਚ-ਪੱਧਰੀ ਵਫ਼ਦ ਨਾਲ ਸਵਿਟਜ਼ਰਲੈਂਡ ਪਹੁੰਚੇ ਹਨ। ਲੇਕ ਲਯੂਰਸਨ ਸੰਮੇਲਨ ਦੇ ਨਾਂਅ ਨਾਲ ਸ਼ੁਰੂ ਹੋਈ ਗੱਲਬਾਤ ਦੌਰਾਨ ਵੈਂਸ ਨੇ ਕਿਹਾ ਕਿ ਹੁਣ ਸਾਡੇ ਸਾਹਮਣੇ ਸਵਾਲ ਇਹ ਹੈ ਕਿ ਅਸੀਂ ਮਿਲ ਕੇ ਹੋਰ ਕੀ ਹਾਸਿਲ ਕਰ ਸਕਦੇ ਹਾਂ? ਉਨ੍ਹਾਂ ਕਿਹਾ ਕਿ ਕੀ ਅਸੀਂ ਨਵੀਂ ਸ਼ੁਰੂਆਤ ਕਰ ਸਕਦੇ ਹਾਂ? ਕੀ ਅਸੀਂ ਮੱਧ ਪੂਰਬ ‘ਚ ਸੰਬੰਧਾਂ ਨੂੰ ਸਥਾਈ ਰੂਪ ਨਾਲ ਬਦਲ ਸਕਦੇ ਹਾਂ ਜਾਂ ਅਸੀਂ ਪੁਰਾਣੇ ਤਰੀਕੇ ਨਾਲ ਕੰਮ ਕਰਨ ਲੱਗਾਂਗੇ। ਅਸੀਂ ਅਜਿਹਾ ਨਹੀਂ ਚਾਹੁੰਦੇ ਪਰ ਨਿਸ਼ਚਿਤ ਤੌਰ ‘ਤੇ ਅਜਿਹਾ ਹੋ ਸਕਦਾ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਘਾਈ ਨੇ ਵੈਂਸ ਨਾਲ ਬੈਠਕ ਤੋਂ ਪਹਿਲਾਂ ਦੇਸ਼ ਦੀ ਸਰਕਾਰੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਦੀ ਗੱਲਬਾਤ ਲਿਬਨਾਨ ‘ਚ ਇਜ਼ਰਾਈਲ ਅਤੇ ਹਿਜ਼ਬੁੱਲਾਹ ਦਰਮਿਆਨ ਯੁੱਧ ‘ਤੇ ਕੇਂਦਿ੍ਤ ਹੋਵੇਗੀ। ਵੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਲਿਬਨਾਨ ਦੇ ਮਾਮਲੇ ‘ਚ ਕਾਫੀ ਪ੍ਰਗਤੀ ਹੋਈ ਹੈ। ਪਰ ਉਨ੍ਹਾਂ ਦੇ ਭਾਸ਼ਨ ਦੇ ਕੁਝ ਮਿੰਟਾਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਈਰਾਨ ਨੂੰ ਹਮਲੇ ਦੀ ਧਮਕੀ ਦੇ ਦਿੱਤੀ। ਈਰਾਨੀ ਰਾਸ਼ਟਰਪਤੀ ਨੇ ਕਿਹਾ ਕਿ ਈਰਾਨ ਪ੍ਰਮਾਣੂ ਪ੍ਰੋਗਰਾਮ ਦੇ ਆਪਣੇ ਅਧਿਕਾਰ ਨੂੰ ਬਣਾਈ ਰੱਖੇਗਾ। ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਅਨੁਸਾਰ ਵਿਚਾਰ-ਵਟਾਂਦਰੇ ਦਾ ਉਦੇਸ਼ ਅਮਰੀਕਾ-ਈਰਾਨ ਸਮਝੌਤੇ ਨੂੰ ਲਾਗੂ ਕਰਨ ਨੂੰ ਅੱਗੇ ਵਧਾਉਣਾ ਅਤੇ ਢਾਂਚਾਗਤ ਕੂਟਨੀਤਕ ਸ਼ਮੂਲੀਅਤ ਰਾਹੀਂ ਖੇਤਰੀ ਤਣਾਅ ਨੂੰ ਸਥਿਰ ਕਰਨਾ ਹੈ। ਇਸ ਕੂਟਨੀਤਕ ਪ੍ਰਕਿਰਿਆ ’ਚ ਆਪਣੀ ਵਿਚੋਲਗੀ ਦੀ ਭੂਮਿਕਾ ਵਜੋਂ ਸਵਿਟਜ਼ਰਲੈਂਡ ਦੇ ਬਰਗੇਨਸਟੌਕ ’ਚ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਸਈਦ ਆਸਿਮ ਮੁਨੀਰ ਨੇ ਈਰਾਨ-ਅਮਰੀਕਾ ਤਕਨੀਕੀ-ਪੱਧਰੀ ਗੱਲਬਾਤ ਦੇ ਮੌਕੇ ’ਤੇ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੀਨੀਅਰ ਅਮਰੀਕੀ ਅਧਿਕਾਰੀ ਸਟੀਵ ਵਿਟਕੌਫ ਅਤੇ ਜੈਰੇਡ ਕੁਸ਼ਨਰ ਵੀ ਮੌਜੂਦ ਸਨ।

ਪਿਛਲੀ ਖ਼ਬਰ ਇਕ ਜੁਲਾਈ ਨੂੰ ਹਰ�ਔਰਤ ਦੇ ਖਾਤੇ ’ਚ ਆਵੇਗੀ ਤਿੰਨ ਮਹੀਨਿਆਂ ਦੀ ਸਨਮਾਨ ਰਾਸ਼ੀ-ਭਗਵੰਤ ਮਾਨ ਅਗਲੀ ਖ਼ਬਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।