07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

9ਵੀਂ ਕਲਾਸ ਦੇ ਸਿਲੇਬਸ ’ਚ ਐਮਰਜੈਂਸੀ ਦਾ ਸੈਕਸ਼ਨ ਕੀਤਾ ਸ਼ਾਮਿਲ

ਅਜੀਤ ਡੈਸਕ 26-06-2026

ਨਵੀਂ ਦਿੱਲੀ, 25 ਜੂਨ (ਉਪਮਾ ਡਾਗਾ ਪਾਰਥ)- ਕੌਮੀ ਸਿੱਖਿਆ ਖੋਜ ਅਤੇ ਸਿਖਲਾਈ ਕੌਂਸਲ (ਐਨ. ਸੀ. ਈ. ਆਰ. ਟੀ.) ਨੇ ਦੇਸ਼ ਦੇ ਸਕੂਲੀ ਸਿਲੇਬਸ ’ਚ ਵੱਡਾ ਬਦਲਾਅ ਕਰਦਿਆਂ 9ਵੀਂ ਕਲਾਸ ਲਈ ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਜਾਰੀ ਕੀਤੀ ਹੈ, ਜਿਸ ਦੇ ਰਾਹੀਂ ਦੇਸ਼ ’ਚ ਪਹਿਲੀ ਵਾਰ ਬੱਚਿਆਂ ਨੂੰ 1975 ’ਚ ਤਤਕਾਲੀ ਕਾਂਗਰਸ ਸਰਕਾਰ ਲਗਾਈ ਗਈ ਐਮਰਜੈਂਸੀ ਬਾਰੇ ਵਿਸਤਾਰ ’ਚ ਪੜ੍ਹਾਇਆ ਜਾਏਗਾ। ਹਾਲੇ ਤੱਕ ਸਿਰਫ਼ ਸੀਨੀਅਰ ਸੈਕੰਡਰੀ ਪੱਧਰ, ਖ਼ਾਸ ਤੌਰ ’ਤੇ 12ਵੀਂ ਕਲਾਸ ਦੀ ਰਾਜਨੀਤੀ ਵਿਗਿਆਨ ਦੀਆਂ ਕਿਤਾਬਾਂ ’ਚ ਹੀ ਐਮਰਜੈਂਸੀ ਬਾਰੇ ਪੜ੍ਹਾਇਆ ਜਾਂਦਾ ਸੀ, ਹੁਣ 9ਵੀਂ ਕਲਾਸ ਦੀ ਕਿਤਾਬ ‘ਸਮਾਜ ਨੂੰ ਸਮਝਣਾ : ਭਾਰਤ ਤੋਂ ਪਰੇ (ਭਾਗ-1)’ ਦੇ ਚੈਪਟਰ 6 ’ਚ ਐਮਰਜੈਂਸੀ ਨੂੰ ਸ਼ਾਮਿਲ ਕੀਤਾ ਗਿਆ ਹੈ। ਕਿਤਾਬ ’ਚ 1975-77 ਦੀ ਐਮਰਜੈਂਸੀ ਨੂੰ ਭਾਰਤੀ ਲੋਕਤੰਤਰ ਦੇ ਸਾਹਮਣੇ ਆਈ ਸਭ ਤੋਂ ਵੱਡੀ ਚੁਣੌਤੀ ’ਚੋਂ ਇਕ ਦੱਸਿਆ ਗਿਆ ਹੈ। ਕਿਤਾਬ ਮੁਤਾਬਿਕ ਜੂਨ 1975 ’ਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਵਧਦੇ ਲੋਕਾਂ ਦੇ ਰੋਸ, ਬੇਰੁਜ਼ਗਾਰੀ, ਮਹਿੰਗਾਈ ਅਤੇ ਮਾੜੇ ਪ੍ਰਸ਼ਾਸਨ ਦੇ ਦੋਸ਼ਾਂ ਦਰਮਿਆਨ ਐਮਰਜੈਂਸੀ ਲਗਾਈ ਗਈ।
ਚੋਣ ਕਮਿਸ਼ਨ ਦੀ ਸ਼ਲਾਘਾ
ਕਿਤਾਬ ’ਚ ਭਾਰਤੀ ਚੋਣ ਕਮਿਸ਼ਨ ਦੀ ਵੀ ਸ਼ਲਾਘਾ ਕੀਤੀ ਗਈ, ਜਿਸ ’ਚ ਕਿਹਾ ਗਿਆ ਕਿ ਭਾਰਤ ’ਚ ਚੋਣਾਂ ਕਰਵਾਉਣਾ ਦੁਨੀਆ ਦੇ ਸਭ ਤੋਂ ਵੱਡੇ ਕੰਮਾਂ ’ਚੋਂ ਇਕ ਹੈ। ਇਸ ਦੇ ਬਾਵਜੂਦ ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਵਾਉਣ ਦੀਆਂ ਕੋਸ਼ਿਸ਼ ਕਰਦਾ ਹੈ।
ਭਾਜਪਾ ਨੇ ਕੀਤਾ ਸਮਰਥਨ
ਐਨ.ਸੀ.ਈ.ਆਰ.ਟੀ. ਵਲੋਂ ਕੀਤੇ ਇਸ ਬਦਲਾਅ ਦਾ ਭਾਜਪਾ ਨੇ ਸਮਰਥਨ ਕਰਦਿਆਂ ਐਮਰਜੈਂਸੀ ਨੂੰ ‘ਕਾਲਾ ਕਾਰਨਾਮਾ’ ਕਰਾਰ ਦਿੱਤਾ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਨ.ਸੀ.ਈ.ਆਰ.ਟੀ. ਦੀ ਹਮਾਇਤ ਕਰਦਿਆਂ ਕਿਹਾ ਕਿ ਅਜਿਹੇ ਕਾਲੇ ਕਾਰਨਾਮੇ ਦੇ ਬਾਰੇ ਦੇਸ਼ ਦੀ ਅਗਲੀ ਪੀੜ੍ਹੀ ਨੂੰ ਜਾਣਨਾ ਜ਼ਰੂਰੀ ਹੈ ਤਾਂ ਜੋ ਦੁਬਾਰਾ ਅਜਿਹਾ ਨਾ ਹੋਵੇ।
ਬੱਚਿਆਂ ਦੀਆਂ ਕਿਤਾਬਾਂ ’ਚ ਸਿਆਸਤ ਕੀਤੀ ਜਾ ਰਹੀ - ਕਾਂਗਰਸ
ਕਾਂਗਰਸ ਨੇ ਐਨ.ਸੀ.ਈ.ਆਰ.ਟੀ. ਦੇ ਇਸ ਕਦਮ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਜਪਾ ਇੰਨੀ ਛੋਟੀ ਸੋਚ ਵਾਲੀ ਪਾਰਟੀ ਹੈ ਕਿ ਬੱਚਿਆਂ ਦੀਆਂ ਕਿਤਾਬਾਂ ’ਚ ਵੀ ਸਿਆਸਤ ਕਰ ਰਹੀ ਹੈ। ਕਾਂਗਰਸ ਨੇਤਾ ਜੈਵਰਧਨ ਸਿੰਘ ਨੇ ਕਿਹਾ ਕਿ ਭਾਜਪਾ ਦੀ ਸਿਰਫ਼ ਇਕ ਹੀ ਨੀਤੀ ਅਤੇ ਇਕ ਹੀ ਸੋਚ ਹੈ ਕਿ ਲੋਕਾਂ ਨੂੰ ਕਿਵੇਂ ਭਰਮਾਇਆ ਜਾਏ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ’ਚ ਇਹ ਪਹਿਲੀ ਸਰਕਾਰ ਹੈ ਜੋ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।

ਪਿਛਲੀ ਖ਼ਬਰ ਈ.ਡੀ. ਵਲੋਂ ਸੰਜੀਵ ਅਰੋੜਾ ਦੀ 55 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਅਗਲੀ ਖ਼ਬਰ ਰਾਮ ਮੰਦਰ ਚੜ੍ਹਾਵਾ ਚੋਰੀ ਸੰਬੰਧੀ ਮਾਮਲੇ ’ਚ ਐਫ.ਆਈ.ਆਰ. ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।