08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਟੀ. ਟੀ. ਪੀ. ਵਲੋਂ ਪਾਕਿ ਨਾਲ ਆਰ-ਪਾਰ ਦੀ ਜੰਗ ਦਾ ਐਲਾਨ

ਅਜੀਤ ਡੈਸਕ 06-07-2026

ਅੰਮ੍ਰਿਤਸਰ, 5 ਜੁਲਾਈ (ਸੁਰਿੰਦਰ ਕੋਛੜ)-ਵਿਦਰੋਹੀ ਹਥਿਆਰਬੰਦ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਪਾਕਿ ਨਾਲ ਆਰ-ਪਾਰ ਦੀ ਜੰਗ ਦਾ ਐਲਾਨ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਲਈ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਹਾਸਿਲ ਜਾਂ ਵਿਕਸਿਤ ਕਰੇਗਾ। ਟੀ. ਟੀ. ਪੀ. ਈਰਾਨੀ ਪ੍ਰਾਕਸੀ ਸੰਗਠਨਾਂ ਹਿਜ਼ਬੁੱਲਾ ਅਤੇ ਹੌਥੀ ਵਾਂਗ ਮਿਜ਼ਾਈਲਾਂ ਦੇ ਨਾਲ-ਨਾਲ ਰਾਕਟ ਵੀ ਇਕੱਠੇ ਕਰੇਗਾ। ਇਹ ਪਾਕਿ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸੇ ਦੌਰਾਨ ਹਥਿਆਰਬੰਦ ਸਮੂਹ ਟੀ. ਟੀ. ਪੀ. ਦੇ ਕਮਾਂਡਰ ਅਬਦੁਲ ਹਾਮਿਦ ਖੁਰਾਸਾਨੀ ਨੇ ਇਕ ਭੜਕਾਊ ਵੀਡੀਓ ਸੰਦੇਸ਼ ਜਾਰੀ ਕਰਕੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ’ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਹੈ। ਉਸ ਦਾ ਇਹ ਬਿਆਨ ਪਾਕਿ ਸਰਕਾਰ ਅਤੇ ਫ਼ੌਜ ਨੂੰ ਸਿੱਧੀ ਚੁਣੌਤੀ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਕਿਹਾ ਹੈ ਕਿ ਟੀ. ਟੀ. ਪੀ. ਮਿਜ਼ਾਈਲ ਪ੍ਰਣਾਲੀਆਂ ਪ੍ਰਾਪਤ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਉਸ ਨੇ ਕਿਹਾ ਹੈ ਕਿ ਸਮੂਹ ਆਪਣੀਆਂ ਸੰਚਾਲਨ ਸਮਰੱਥਾਵਾਂ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬੁਲਾਰੇ ਨੇ ਇਹ ਵੀ ਦਾਅਵਾ ਕੀਤਾ ਕਿ ਸਮੂਹ ਪਾਕਿਸਤਾਨੀ ਫ਼ੌਜ ਵਿਰੁੱਧ ਆਪਣੀ ਲੜਾਈ ’ਚ ਕਵਾਡਕਾਪਟਰ ਅਤੇ ਥਰਮਲ ਇਮੇਜਿੰਗ ਵਰਗੀ ਉੱਨਤ ਤਕਨਾਲੋਜੀ ਦੀ ਵਰਤੋਂ ਕਰ ਰਿਹਾ ਹੈ। ਖੁਰਾਸਾਨੀ ਨੇ ਕਿਹਾ ਕਿ ਦਹਾਕਿਆਂ ਤੋਂ ਪਾਕਿ ਦੀਆਂ ਸੱਤਾਧਾਰੀ ਸਰਕਾਰਾਂ ਕੁਝ ‘ਵਿਸ਼ੇਸ਼ ਪਰਿਵਾਰਾਂ’ ਦੇ ਫ਼ਾਇਦੇ ਲਈ ਪਸ਼ਤੂਨਾਂ, ਬਲੋਚਾਂ, ਸਰਾਇਕੀਆਂ ਅਤੇ ਕਸ਼ਮੀਰੀਆਂ ਦੇ ਅਧਿਕਾਰਾਂ ਨੂੰ ਲਤਾੜਦੀਆਂ ਆ ਰਹੀਆਂ ਹਨ, ਉਨ੍ਹਾਂ ਦੇ ਸਰੋਤਾਂ ਨੂੰ ਬੇਰਹਿਮੀ ਨਾਲ ਲੁੱਟਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਖ਼ੂਨ ਵਹਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ’ਚ ਹੁਣ ਬਲੋਚਾਂ, ਪਸ਼ਤੂਨਾਂ ਅਤੇ ਕਸ਼ਮੀਰੀਆਂ ਨੇ ਪਾਕਿ ਸਰਕਾਰ ਅਤੇ ਫ਼ੌਜ ਦੇ ਵਿਰੋਧ ’ਚ ਹਥਿਆਰ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਬੁਲਾਰੇ ਨੇ ਅੱਗੇ ਕਿਹਾ ਕਿ ਅਸੀਂ ਕਬਜ਼ਾ ਕਰਨ ਵਾਲੀ ਫ਼ੌਜ ਨੂੰ ਪਾਕਿ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਮੰਨਦੇ ਹਾਂ।

ਪਿਛਲੀ ਖ਼ਬਰ ਭਾਰੀ ਬਾਰਿਸ਼ ਕਾਰਨ ਮੁੰਬਈ ’ਚ ਹਵਾਈ ਆਵਾਜਾਈ ਪ੍ਰਭਾਵਿਤ, ਕੇਰਲ ਅਤੇ ਓਡੀਸ਼ਾ ’ਚ ਅਲਰਟ ਜਾਰੀ ਅਗਲੀ ਖ਼ਬਰ ਪੰਜਾਬ ਕਾਂਗਰਸ ਦੀ ਖਾਨਾਜੰਗੀ ਵਿਚਾਲੇ ਭੁਪੇਸ਼ ਬਘੇਲ ਅੱਜ ਚੰਡੀਗੜ੍ਹ ਆਉਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।