07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਆਸਟ੍ਰੇਲੀਆ-ਭਾਰਤ ਯੂਰੇਨੀਅਮ ਸਮਝੌਤੇ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਦਰਮਿਆਨ ਸ਼ਬਦੀ ਜੰਗ

ਅਜੀਤ ਡੈਸਕ 11-07-2026
ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)- ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਹੋਏ ਯੂਰੇਨੀਅਮ ਸਮਝੌਤੇ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਦਰਮਿਆਨ ਜ਼ਬਾਨੀ ਜੰਗ ਜਾਰੀ ਹੈ। ਜਿਥੇ ਕਾਂਗਰਸ ਇਸ ਸਮਝੌਤੇ ਲਈ 2008 ’ਚ ਬਣੇ ਕਾਨੂੰਨ ਨੂੰ ਮੁੱਖ ਕਾਰਨ ਦੱਸ ਰਹੀ ਹੈ, ਉਥੇ ਭਾਜਪਾ ਦਾ ਦਾਅਵਾ ਹੈ ਕਿ ਆਸਟ੍ਰੇਲੀਆ ਨੇ ਸਾਲ 2010 ’ਚ ਭਾਰਤ ਨੂੰ ਯੂਰੇਨੀਅਮ ਵੇਚਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਸੀ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਐਵਾਰਡ ਜੀਵੀ (ਅਸਿੱਧੇ ਢੰਗ ਨਾਲ ਪ੍ਰਧਾਨ ਮੰਤਰੀ ਮੋਦੀ) ਨੇ ਫਖ਼ਰ ਨਾਲ ਐਲਾਨ ਕੀਤਾ ਕਿ ਆਸਟ੍ਰੇਲੀਆ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਰਫ਼ ਅਮਰੀਕਾ ਅਤੇ ਭਾਰਤ ਪ੍ਰਮਾਣੂ ਸਹਿਯੋਗ ਸਮਝੌਤੇ ਦੇ ਕਾਰਨ ਹੀ ਸੰਭਵ ਹੋ ਪਾਇਆ, ਜੋ ਆਖਿਰਕਾਰ 8 ਅਕਤੂਬਰ 2008 ’ਚ ਕਾਨੂੰਨ ਬਣਿਆ। ਜੈਰਾਮ ਰਮੇਸ਼ ਨੇ ਕਿਹਾ ਕਿ ਜੁਲਾਈ 2005 ’ਚ ਡਾ. ਮਨਮੋਹਨ ਸਿੰਘ ਅਤੇ (ਅਮਰੀਕੀ) ਰਾਸ਼ਟਰਪਤੀ ਜਾਰਜ ਬੁਸ਼ ਦਰਮਿਆਨ ਹੋਈ ਮੁਲਾਕਾਤ ਦੌਰਾਨ ਹੀ ਗੱਲਬਾਤ ਦੀ ਸ਼ੁਰੂਆਤ ਹੋਈ ਸੀ। ਭਾਜਪਾ ਨੇ ਸੰਸਦ ਅਤੇ ਉਸ ਦੇ ਬਾਹਰ, ਹਰ ਥਾਂ ’ਤੇ ਇਸ ਵੱਡੇ ਬਦਲਾਅ ਵਾਲੇ ਸਮਝੌਤੇ ਦਾ ਵਿਰੋਧ ਕੀਤਾ ਸੀ। ਭਾਜਪਾ ਨੇਤਾ ਸੰਬਿਤ ਪਾਤਰਾ ਨੇ ਜੈਰਾਮ ਰਮੇਸ਼ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਨਕਲੀ ਸਿਹਰਾ ਲੈਣ ਲਈ ਮਨਘੜਤ ਸਕ੍ਰਿਪਟ ਲਿਖਣ ਦੀ ਥਾਂ ’ਤੇ ਤੁਹਾਨੂੰ (ਜੈਰਾਮ ਰਮੇਸ਼ ਨੂੰ) ਆਪਣੇ ਯੂ.ਪੀ.ਏ. ਦੇ ਸਮੇਂ ਦੀਆਂ ਗੱਲਾਂ ਵੇਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਥਿਤ ਇਤਿਹਾਸਕ ਸਮਝੌਤੇ ਲਈ ਯੂਰੇਨੀਅਮ ਸਪਲਾਈ ਪਹਿਲਾਂ ਹੀ ਪੱਕੀ ਕਰ ਦਿੱਤੀ ਗਈ ਸੀ ਤਾਂ ਆਸਟ੍ਰੇਲੀਆ ਨੇ 2010 ’ਚ ਭਾਰਤ ਨੂੰ ਯੂਰੇਨੀਅਮ ਵੇਚਣ ਤੋਂ ਕਿਉਂ ਮਨ੍ਹਾਂ ਕਰ ਦਿੱਤਾ। ਪਾਤਰਾ ਨੇ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਟਾਕਿੰਗ ਪੁਆਇੰਟ ਬਣਾਉਂਦੀ ਹੈ, ਪ੍ਰਧਾਨ ਮੰਤਰੀ ਮੋਦੀ ਨਤੀਜੇ ਦਿੰਦੇ ਹਨ।
ਪਿਛਲੀ ਖ਼ਬਰ ਰਾਮ ਮੰਦਰ ਚੜ੍ਹਾਵਾ ਚੋਰੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਦਸਤਖ਼ਤ ਮੁਹਿੰਮ ਸ਼ੁਰੂ ਕਰੇਗੀ ‘ਆਪ’- ਕੇਜਰੀਵਾਲ ਅਗਲੀ ਖ਼ਬਰ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਲਈ ਨੈਸ਼ਨਲ ਕਾਨਫ਼ਰੰਸ ਵਲੋਂ 20 ਨੂੰ ਜੰਤਰ ਮੰਤਰ ’ਤੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।