02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਭਾਰਤ ਨੇ ਰਚਿਆ ਇਤਿਹਾਸ, ਪਹਿਲਾ ਨਿੱਜੀ ਰਾਕੇਟ ਸਫ਼ਲਤਾਪੂਰਵਕ ਲਾਂਚ

ਅਜੀਤ ਡੈਸਕ 19-07-2026

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 18 ਜੁਲਾਈ (ਪੀ.ਟੀ.ਆਈ.)-ਭਾਰਤ ਨੇ ਪੁਲਾੜ ਖੇਤਰ ’ਚ ਇਕ ਹੋਰ ਇਤਿਹਾਸਕ ਕਾਮਯਾਬੀ ਹਾਸਿਲ ਕੀਤੀ। ਹੈਦਰਾਬਾਦ ਦੀ ਨਿੱਜੀ ਕੰਪਨੀ ਸਕਾਈਰੂਟ ਏਅਰੋਸਪੇਸ ਦਾ ‘ਵਿਕਰਮ-1’ ਰਾਕੇਟ ਆਪਣੀ ਪਹਿਲੀ ਟੈਸਟ ਉਡਾਣ ’ਚ ਸਫਲ ਰਿਹਾ। ਇਹ ਭਾਰਤ ਦਾ ਪਹਿਲਾ ਨਿੱਜੀ ਤੌਰ ’ਤੇ ਤਿਆਰ ਕੀਤਾ ਗਿਆ ਆਰਬਿਟਲ (ਧਰਤੀ ਦੇ ਪੰਧ ’ਚ ਪਹੁੰਚਣ ਵਾਲਾ) ਰਾਕੇਟ ਹੈ। ਰਾਕੇਟ ਨੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਫਲ ਉਡਾਣ ਭਰੀ। ਉਡਾਣ ਤੋਂ ਕਰੀਬ 15 ਮਿੰਟ ਬਾਅਦ ਇਸ ਨੇ ਆਪਣੇ ਸਾਰੇ ਤਕਨੀਕੀ ਪੇਲੋਡ (ਉਪਕਰਣ) ਤੇ ਹੋਰ ਸਮੱਗਰੀ ਨੂੰ ਧਰਤੀ ਦੇ ਨੇੜਲੇ ਪੰਧ (ਲੋਅ ਅਰਥ ਆਰਬਿਟ) ’ਚ ਸਫਲਤਾਪੂਰਵਕ ਪਹੁੰਚਾ ਦਿੱਤਾ। ਇਸ ਨਾਲ ਸਾਬਤ ਹੋ ਗਿਆ ਕਿ ਰਾਕੇਟ ਦੇ ਸਾਰੇ ਪੜਾਅ ਯੋਜਨਾ ਅਨੁਸਾਰ ਕੰਮ ਕਰ ਰਹੇ ਹਨ। ਇਸ ਮਿਸ਼ਨ ਨੂੰ “ਮਿਸ਼ਨ ਆਗਮਨ” ਨਾਂਅ ਦਿੱਤਾ ਗਿਆ ਹੈ। ਰਾਕੇਟ ਆਪਣੇ ਨਾਲ ਕਈ ਤਕਨੀਕੀ ਪ੍ਰਯੋਗਾਂ ਵਾਲੇ ਪੇਲੋਡ ਲੈ ਕੇ ਗਿਆ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਿਖਿਆ ਇਕ ਵਿਸ਼ੇਸ਼ ਪੋਸਟਕਾਰਡ ਵੀ ਪੁਲਾੜ ’ਚ ਭੇਜਿਆ ਗਿਆ। ਲਾਂਚ ਤੋਂ ਕੁਝ ਮਿੰਟ ਪਹਿਲਾਂ ਤਕਨੀਕੀ ਜਾਂਚ ਲਈ ਕਾਊਂਟਡਾਊਨ ਨੂੰ ਥੋੜ੍ਹੇ ਸਮੇਂ ਲਈ ਰੋਕਿਆ ਗਿਆ ਸੀ। ਸਾਰੀਆਂ ਜਾਂਚਾਂ ਪੂਰੀਆਂ ਹੋਣ ਤੋਂ ਬਾਅਦ ਰਾਕੇਟ ਨੂੰ ਸੁਰੱਖਿਅਤ ਢੰਗ ਨਾਲ ਲਾਂਚ ਕੀਤਾ ਗਿਆ ਤੇ ਮਿਸ਼ਨ ਪੂਰੀ ਤਰ੍ਹਾਂ ਸਫਲ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਫਲਤਾ ਨੂੰ ਦੇਸ਼ ਲਈ “ਇਤਿਹਾਸਕ ਪਲ” ਦੱਸਿਆ। ਉਨ੍ਹਾਂ ਸਕਾਈਰੂਟ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀ ਯੋਗਤਾ ਤੇ ਨਵੀਨ ਸੋਚ ਨੇ ਦੇਸ਼ ਨੂੰ ਪੁਲਾੜ ਖੇਤਰ ’ਚ ਨਵੀਂ ਉਚਾਈ ’ਤੇ ਪਹੁੰਚਾਇਆ ਹੈ। ਵਿਕਰਮ-1 ਰਾਕੇਟ ਵਿਚ ਤਕਨਾਲੋਜੀ ਤੋਂ ਲੈ ਕੇ ਕਲਾ ਤੱਕ ਦੇ ਪੇਲੋਡ ਪੁਲਾੜ ’ਚ ਭੇਜੇ ਹਨ, ਜਿਨਾਂ ’ਚ ਵਪਾਰਕ ਤੇ ਤਕਨਾਲੋਜੀ ਪੇਲੋਡ, ਗ੍ਰਹਿ ਪੁਲਾੜ ਦਾ ਤਕਨਾਲੋਜੀ ਪੇਲੋਡ, ਕੋਸਮੋਸਵਰ ਸਪੇਸ ਦਾ ਪੇਲੋਡ, ਪੁਲਾੜ ਖੋਜ ਨਾਲ ਜੁੜਿਆ ਡੀਕਿਊਬਡ ਦਾ ਪੇਲੋਡ, ਸਕਾਈਰੂਟ ਏਰੋਸਪੇਸ ਦਾ ਆਪਣਾ ਇਨ-ਹਾਊਸ ਸਕੋਪ ਪੇਲੋਡ, 18 ਕੈਰੇਟ ਸੋਨੇ ਦਾ ਬਣਿਆ ਇਕ ਕਲਾ ਟੁਕੜਾ ਵੀ ਪੁਲਾੜ ’ਚ ਭੇਜਿਆ ਗਿਆ ਹੈ। ਕਾਸਮੋਸ ਡਾਇਮੰਡਸ ਦੀ ਕਲਾਕਾਰੀ “ਕਾਸਮਿਕ ਬਲੂਮ” ਅਤੇ ਇਕ ਵਿਸ਼ੇਸ਼ ਮਾਈਕ੍ਰੋ-ਆਰਟ ਟੁਕੜਾ ਵੀ ਰਾਕੇਟ ’ਤੇ ਭੇਜਿਆ ਗਿਆ ਹੈ। ਇਹ ਮਾਈਕ੍ਰੋ-ਆਰਟ ਟੁਕੜਾ 18 ਕੈਰੇਟ ਸੋਨੇ ਦਾ ਬਣਿਆ ਇਕ ਛੋਟਾ ਰਾਕੇਟ ਹੈ, ਜਿਸ ’ਤੇ ਵਿਗਿਆਨੀ ਸਰ ਸੀ.ਵੀ. ਰਮਨ, ਡਾ. ਵਿਕਰਮ ਸਾਰਾਭਾਈ ਤੇ ਡਾ. ਏ.ਪੀ.ਜੇ. ਅਬਦੁਲ ਕਲਾਮ ਦੀਆਂ ਛੋਟੀਆਂ ਤਸਵੀਰਾਂ ਉੱਕਰੀਆਂ ਗਈਆਂ ਹਨ। ਰਾਕੇਟ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਹੱਥ ਲਿਖਤ ਪੋਸਟਕਾਰਡ ਵੀ ਭੇਜਿਆ ਗਿਆ ਹੈ, ਜਿਸ ’ਤੇ ‘ਵੰਦੇ ਮਾਤਰਮ’ ਸ਼ਬਦ ਲਿਖੇ ਹੋਏ ਹਨ।

ਪਿਛਲੀ ਖ਼ਬਰ ਅਰਜਨਟੀਨਾ ਅਤੇ ਸਪੇਨ ’ਚ ਖ਼ਿਤਾਬੀ ਮੁਕਾਬਲਾ ਅੱਜ ਅਗਲੀ ਖ਼ਬਰ ਸਿੰਘਪੁਰੀਆ ਮਿਸਲ ਦੇ ਸਰਦਾਰ, ਨਵਾਬ ਕਪੂਰ ਸਿੰਘ ਦੀ ਅਣਕਹੀ ਕਹਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।