ਸੀ.ਬੀ.ਐਸ.ਈ. 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ
ਅਜੀਤ ਡੈਸਕ
19-07-2026
ਨਵੀਂ ਦਿੱਲੀ, 18 ਜੁਲਾਈ (ਏਜੰਸੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੇ ਸਾਲ 2026 ਦੀ ਦਸਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਸਾਲ 2026 ਦੀਆਂ ਮੁੱਖ ਅਤੇ ਦੂਜੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਨੂੰ ਮਿਲਾ ਕੇ ਇਸ ਵਾਰ ਕੁੱਲ ਪਾਸ ਪ੍ਰਤੀਸ਼ਤਤਾ 96.78 ਫੀਸਦੀ ਰਹੀ ਹੈ। ਪਹਿਲੀ ਬੋਰਡ ਪ੍ਰੀਖਿਆ ’ਚ ਦਸਵੀਂ ਜਮਾਤ ਦੀ ਕੁੱਲ ਪਾਸ ਪ੍ਰਤੀਸ਼ਤਤਾ 93.6 ਫੀਸਦੀ ਸੀ। ਸੀ.ਬੀ.ਐਸ.ਈ. ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਕਿ ਇਸ ਵਾਰ ਦੂਜੀ ਬੋਰਡ ਪ੍ਰੀਖਿਆ ਲਈ 6,64,027 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿਚੋਂ 6,63,777 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਸਨ। ਮੁੱਖ ਪ੍ਰੀਖਿਆ ਦੇ ਮੁਕਾਬਲੇ ਆਪਣੇ ਅੰਕਾਂ ਵਿਚ ਸੁਧਾਰ ਕਰਨ ਲਈ 5,13,955 ਵਿਦਿਆਰਥੀ ਪ੍ਰੀਖਿਆ ਵਿਚ ਸ਼ਾਮਿਲ ਹੋਏ ਸਨ, ਜਿਨ੍ਹਾਂ ਵਿਚੋਂ 3,08,095 ਭਾਵ 59.95 ਫੀਸਦੀ ਵਿਦਿਆਰਥੀਆਂ ਨੇ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕੀਤਾ। ਇਸ ਤੋਂ ਇਲਾਵਾ ਕੰਪਾਰਟਮੈਂਟ ਦੀ ਪ੍ਰੀਖਿਆ ਵਿਚ 1,49,822 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿਚੋਂ 52.40 ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰ ਲਈ ਹੈ। ਕੌਮੀ ਸਿੱਖਿਆ ਨੀਤੀ 2020 ਤਹਿਤ ਪਹਿਲੀ ਵਾਰ ਸ਼ੁਰੂ ਕੀਤੀ ਗਈ ਇਸ ਦੋ-ਬੋਰਡ ਪ੍ਰਣਾਲੀ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਪਣੇ ਅੰਕ ਸੁਧਾਰਨ ਦਾ ਮੌਕਾ ਦੇਣਾ ਹੈ। ਇਸ ਪ੍ਰਣਾਲੀ ਦੇ ਨਿਯਮਾਂ ਅਨੁਸਾਰ ਦੋਵਾਂ ਪ੍ਰੀਖਿਆਵਾਂ ਵਿਚੋਂ ਜਿਸ ਪ੍ਰੀਖਿਆ ’ਚ ਸਭ ਤੋਂ ਵੱਧ ਅੰਕ ਆਉਣਗੇ, ਉਹੀ ਵਿਦਿਆਰਥੀ ਦੀ ਅੰਤਿਮ ਮਾਰਕਸ਼ੀਟ ਵਿਚ ਜੋੜੇ ਜਾਣਗੇ। ਵਿਦਿਆਰਥੀਆਂ ਲਈ ਮੁੱਖ ਬੋਰਡ ਪ੍ਰੀਖਿਆ ਦੇਣੀ ਲਾਜ਼ਮੀ ਹੁੰਦੀ ਹੈ, ਜਦੋਂ ਕਿ ਦੂਜੀ ਪ੍ਰੀਖਿਆ ਆਪਸ਼ਨਲ ਹੈ। ਇਸ ਵਾਰ ਮੁੱਖ ਬੋਰਡ ਪ੍ਰੀਖਿਆ 17 ਫਰਵਰੀ ਤੋਂ 11 ਮਾਰਚ ਤੱਕ ਅਤੇ ਦੂਜੀ ਬੋਰਡ ਪ੍ਰੀਖਿਆ 15 ਮਈ ਤੋਂ 21 ਮਈ ਤੱਕ ਕਰਵਾਈ ਗਈ ਸੀ।