02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਭੁੱਖ ਹੜਤਾਲ ’ਤੇ ਬੈਠੇ ਸੋਨਮ ਵਾਂਗਚੁਕ ਨੂੰ ਦਿੱਲੀ ਪੁਲਿਸ ਨੇ ਹਸਪਤਾਲ ਦਾਖ਼ਲ ਕਰਵਾਇਆ

ਅਜੀਤ ਡੈਸਕ 19-07-2026

ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ, ਡਾ. ਬਲਵਿੰਦਰ ਸਿੰਘ ਸੋਢੀ)-ਵਾਤਾਵਰਨ ਕਾਰਕੁੰਨ ਸੋਨਮ ਵਾਂਗਚੁਕ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਅਣਮਿੱਥੇ ਸਮੇਂ ਦੇ ਭੁੱਖ ਹੜਤਾਲ ਅੰਦੋਲਨ ਨੇ ਸਨਿਚਰਵਾਰ ਤੜਕੇ ਨੂੰ ਨਵਾਂ ਮੋੜ ਲੈ ਲਿਆ, ਜਦੋਂ ਪਿਛਲੇ 20 ਦਿਨ ਤੋਂ ਭੁੱਖ ਹੜਤਾਲ ’ਤੇ ਬੈਠੇ ਸੋਨਮ ਵਾਂਗਚੁੱਕ ਨੂੰ ਦਿੱਲੀ ਪੁਲਿਸ ਸਫਦਰਜੰਗ ਹਸਪਤਾਲ ਲੈ ਗਈ। ਹਸਪਤਾਲ ਵਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਸੋਨਮ ਵਾਂਗਚੁਕ ਦੀ ਹਾਲਤ ਸਥਿਰ ਹੈ, ਪਰ ਉਨ੍ਹਾਂ ਨੂੰ ਲਗਾਤਾਰ ਡਾਕਟਰੀ ਨਿਗਰਾਨੀ ਦੀ ਲੋੜ ਹੈ। ਵਾਂਗਚੁਕ ਨੂੰ ਹਸਪਤਾਲ ਭੇਜੇ ਜਾਣ ਤੋਂ ਬਾਅਦ ਜੰਤਰ-ਮੰਤਰ ’ਤੇ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਵਾਂਗਚੁਕ ਦੀ ਥਾਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਸਪੱਸ਼ਟ ਜਵਾਬ ਨਹੀਂ ਦਿੰਦੀ। ਇਸੇ ਦੌਰਾਨ ਜੰਤਰ-ਮੰਤਰ ’ਤੇ ਇਕ ਔਰਤ ਨੇ ਅਭਿਜੀਤ ਦਿਪਕੇ ’ਤੇ ਸਿਆਹੀ ਵਰਗਾ ਤਰਲ ਪਦਾਰਥ ਸੁੱਟ ਦਿੱਤਾ। ਘਟਨਾ ਨਾਲ ਕੁਝ ਸਮੇਂ ਲਈ ਹੰਗਾਮਾ ਹੋ ਗਿਆ, ਪਰ ਮੌਕੇ ’ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਦਿਪਕੇ ਨੇ ਦੋਸ਼ ਲਾਇਆ ਕਿ ਇਹ ਘਟਨਾ ਅੰਦੋਲਨ ਨੂੰ ਡਰਾਉਣ ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ, ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ. ਅੰਗਮੋ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪਰਿਵਾਰ ਨੂੰ ਡਾਕਟਰੀ ਰਿਪੋਰਟਾਂ ਦੀ ਕਾਪੀ ਵੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਵਾਂਗਚੁਕ ਦੀ ਸਿਹਤ ’ਤੇ ਨਜ਼ਰ ਰੱਖ ਰਿਹਾ ਹੈ ਤੇ ਲੋੜ ਪੈਣ ’ਤੇ ਕਾਨੂੰਨੀ ਕਦਮ ਵੀ ਚੁੱਕੇ ਜਾ ਸਕਦੇ ਹਨ। ਉੱਧਰ, ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਾਂਗਚੁਕ ਦੀ ਸਿਹਤ ਇਸ ਵੇਲੇ ਸਥਿਰ ਹੈ ਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਨ ਦਾ ਫ਼ੈਸਲਾ ਸਿਰਫ਼ ਸਿਹਤ ਕਾਰਨਾਂ ਨੂੰ ਧਿਆਨ ’ਚ ਰੱਖ ਕੇ ਲਿਆ ਗਿਆ। ਅੰਦੋਲਨਕਾਰੀਆਂ ਨੇ 20 ਜੁਲਾਈ ਨੂੰ ਸੰਸਦ ਵੱਲ ਮਾਰਚ ਕਰਨ ਦਾ ਵੀ ਐਲਾਨ ਕੀਤਾ ਹੈ। ਹਾਲਾਂਕਿ ਦਿੱਲੀ ਪੁਲਿਸ ਵਲੋਂ ਸੁਰੱਖਿਆ ਤੇ ਕਾਨੂੰਨ-ਵਿਵਸਥਾ ਦਾ ਹਵਾਲਾ ਦਿੰਦਿਆਂ ਇਸ ਮਾਰਚ ਦੀ ਇਜਾਜ਼ਤ ਮਿਲਣ ਦੀ ਸੰਭਾਵਨਾ ਘੱਟ ਦੱਸੀ ਜਾ ਰਹੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਅੰਦੋਲਨ ਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਵਧਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਘਟਨਾਕ੍ਰਮ ਤੋਂ ਬਾਅਦ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਕੇਂਦਰ ਸਰਕਾਰ ਦੀ ਕਾਰਵਾਈ ਦੀ ਆਲੋਚਨਾ ਕੀਤੀ ਹੈ, ਜਦਕਿ ਸਰਕਾਰ ਵਲੋਂ ਅਜੇ ਤੱਕ ਇਸ ਮਾਮਲੇ ’ਤੇ ਕੋਈ ਵਿਸਥਾਰਤ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਜੰਤਰ-ਮੰਤਰ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਪ੍ਰਦਰਸ਼ਨ ਜਾਰੀ ਹੈ।
ਸਿਆਸੀ ਤੇ ਸਮਾਜਿਕ ਹਲਕਿਆਂ ਦੀ ਤਿੱਖੀ ਪ੍ਰਤੀਕਿਰਿਆ
ਸੋਨਮ ਵਾਂਗਚੁਕ ਨੂੰ ਦਿੱਲੀ ਪੁਲਿਸ ਵਲੋਂ ਹਸਪਤਾਲ ਲਿਜਾਣ ਤੋਂ ਬਾਅਦ ਦੇਸ਼ ਭਰ ’ਚ ਸਿਆਸੀ ਤੇ ਸਮਾਜਿਕ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ। ਵਿਰੋਧੀ ਧਿਰ ਦੇ ਕਈ ਆਗੂਆਂ ਨੇ ਇਸ ਕਾਰਵਾਈ ਨੂੰ ਲੋਕਤੰਤਰਿਕ ਹੱਕਾਂ ’ਤੇ ਹਮਲਾ ਕਰਾਰ ਦਿੱਤਾ, ਜਦਕਿ ਪੁਲਿਸ ਨੇ ਕਿਹਾ ਕਿ ਇਹ ਕਦਮ ਡਾਕਟਰੀ ਸਲਾਹ ਤੇ ਅਦਾਲਤੀ ਨਿਰਦੇਸ਼ਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਸਿਹਤ ਦੀ ਰੱਖਿਆ ਲਈ ਚੁੱਕਿਆ ਗਿਆ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸ਼ਾਂਤਮਈ ਵਿਰੋਧ ਨੂੰ ਤਾਕਤ ਨਾਲ ਦਬਾਉਣਾ ਗਲਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅਜਿਹੇ ਕਦਮਾਂ ਨਾਲ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਹੌਸਲਾ ਨਹੀਂ ਟੁੱਟੇਗਾ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਸ ਦੀ ਨਿੰਦਾ ਕੀਤੀ। ‘ਆਪ’ ਆਗੂ ਸੰਜੇ ਸਿੰਘ ਨੇ ਵੀ ਦਿੱਲੀ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ। ਕਾਂਗਰਸ ਆਗੂ ਪਵਨ ਖੇੜਾ ਨੇ ਵੀ ਉਨ੍ਹਾਂ ਦੀ ਸਿਹਤ ’ਤੇ ਚਿੰਤਾ ਜਤਾਈ ਤੇ ਸਰਕਾਰ ਨੂੰ ਸੰਵੇਦਨਸ਼ੀਲ ਰਵੱਈਆ ਅਪਣਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਬਾਲੀਵੁੱਡ ਸ਼ਖਸੀਅਤਾਂ, ਜਿਨ੍ਹਾਂ ’ਚ ਅਦਾਕਾਰ ਸ਼ੇਖਰ ਸੁਮਨ ਨੇ ਵਾਂਗਚੁਕ ਨੂੰ ਸੱਚ ਲਈ ਲੜਨ ਵਾਲਾ ਵਿਅਕਤੀ ਦੱਸਦਿਆਂ ਉਨ੍ਹਾਂ ਦੇ ਸੰਘਰਸ਼ ਦੀ ਸ਼ਲਾਘਾ ਕੀਤੀ ਅਤੇ ਸਿੱਖਿਆ ਪ੍ਰਣਾਲੀ ’ਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੱਤਾ।
ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ’ਤੇ ਬੋਲਿਆ ਤਿੱਖਾ ਹਮਲਾ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਸ ਤਾਨਾਸ਼ਾਹ ਸਰਕਾਰ ਨੇ ਕਿਸੇ ਨੂੰ ਨਹੀਂ ਬਖ਼ਸ਼ਿਆ। ਇਨ੍ਹਾਂ ਦੀ ਨਜ਼ਰ ’ਚ ਕੋਈ ਅਵਾਜ਼ ਚੁੱਕਦਾ ਹੈ ਤਾਂ ਉਹ ‘ਐਂਟੀ ਨੈਸ਼ਨਲ’ ਮੰਨਿਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਜੰਤਰ ਮੰਤਰ ’ਤੇ ਜੋ ਹੋਇਆ ਉਹ ਲੋਕਤੰਤਰ ਤੇ ਸੰਵਿਧਾਨ ਉੱਤੇ ਇੱਕ ਕਾਲਾ ਧੱਬਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਸੋਨਮ ਵਾਂਗਚੁਕ ਨਾਲ ਜ਼ਬਰਦਸਤੀ ਪੇਸ਼ ਆਉਣਾ,ਮੋਦੀ ਸਰਕਾਰ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਾਂਗਚੁਕ ਨੂੰ ਹਟਾਉਣ ਦੀ ਬਜਾਏ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਅੰਦੋਲਨ ਨੂੰ ਕੁਚਲਣ ਦੀ ਬਜਾਏ ਸਿੱਖਿਆ ਤੇ ਪ੍ਰੀਖਿਆ ਵਿਵਸਥਾ ਵਿਚ ਸੁਧਾਰ ਕਰਨਾ ਚਾਹੀਦਾ ਹੈ। ਪ੍ਰਿਅੰਕਾ ਚਤੁਰਵੇਦੀ ਨੇ ਕੇਂਦਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੀ ਭੁੱਖ ਹੜਤਾਲ ਖ਼ਤਮ ਕਰਾਉਣ ਲਈ ਕਿਸੇ ਮੰਤਰੀ ਨੂੰ ਭੇਜਣਾ ਚਾਹੀਦਾ ਸੀ, ਪਰ ਇਸ ਦੀ ਬਜਾਏ ਦਿੱਲੀ ਪੁਲਿਸ ਨੂੰ ਭੇਜ ਦਿੱਤਾ।
ਸੋਨਮ ਵਾਂਗਚੁਕ ਨੂੰ ਚੁੱਕਣ ਵਾਸਤੇ ਪੁਲਿਸ ਦੀ ਰਾਤ ਭਰ ਚੱਲੀ ਤਿਆਰੀ
ਦਿੱਲੀ ਪੁਲਿਸ ਨੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੂੰ ਜੰਤਰ ਮੰਤਰ ਤੋਂ ਹਟਾਉਣ ਦੀ ਗੁਪਤ ਪਲਾਨਿੰਗ ਕੀਤੀ ਸੀ, ਜਿਸ ਦੀ ਭਿਣਕ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਨਹੀਂ ਸੀ । ਇਸ ਲਈ ਸ਼ੁੱਕਰਵਾਰ ਦੇਰ ਰਾਤ ਤੋਂ ਹੀ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਸੀ। ਇਹ ਸਾਰਾ ਕੁਝ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਦੇ ਕਾਰਜਭਾਰ ਸੰਭਾਲਣ ਦੇ ਇਕ ਦਿਨ ਬਾਅਦ ਹੋਇਆ। ਜਾਣਕਾਰੀ ਮੁਤਾਬਿਕ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਸੁਰੱਖਿਆ ਅਭਿਆਸ ਦੇ ਨਾਂਅ ’ਤੇ ਸਨਿਚਰਵਾਰ ਤੜਕੇ ਨਵੀਂ ਦਿੱਲੀ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮਾਂ ਨੂੰ ਜੰਤਰ ਮੰਤਰ ਬੁਲਾਇਆ ਗਿਆ। ਉਸ ਦੇ ਬਾਅਦ ਮੰਦਰ ਮਾਰਗ ਥਾਣੇ ਵਿਚ ਲਿਜਾ ਕੇ ਦੱਸਿਆ ਗਿਆ ਕਿ ਸੋਨਮ ਵਾਂਗਚੁਕ ਨੂੰ ਜੰਤਰ ਮੰਤਰ ਤੋਂ ਸਿਰਫ਼ 30 ਸੈਕੰਡ ਵਿਚ ਹਟਾ ਦਿੱਤਾ ਜਾਵੇਗਾ। ਜੰਤਰ ਮੰਤਰ ਪੁੱਜ ਕੇ ਪੁਲਿਸ ਨੇ ਮੰਚ ਦੇ ਚਾਰੇ ਪਾਸੇ ਚਿੱਟਾ ਕੱਪੜਾ ਲਾਇਆ ਤੇ ਸੋਨਮ ਵਾਂਗਚੁੱਕ ਨੂੰ ਧਰਨਾ ਸਥਾਨ ਤੋਂ ਹਟਾ ਦਿੱਤਾ। ਜਾਣਕਾਰੀ ਮੁਤਾਬਿਕ 2 ਮਿੰਟ ਦੇ ਅੰਦਰ ਹੀ 4-5 ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਚੁੱਕਿਆ ਤੇ ਐਂਬੂਲੈਂਸ ਵਿਚ ਸਫਦਰਜੰਗ ਹਸਪਤਾਲ ਲੈ ਗਏ । ਸੋਨਮ ਵਾਂਗਚੁੱਕ ਨੂੰ ਲੈ ਕੇ ਜਾਣ ਵਾਸਤੇ ਉਨ੍ਹਾਂ ਜੰਤਰ ਮੰਤਰ ਸਥਿਤ ਕੇਰਲ ਹਾਊਸ ਕੋਲ ਇੱਕ ਐਂਬੂਲੈਂਸ ਖੜ੍ਹੀ ਕਰ ਦਿੱਤੀ ਸੀ।

ਪਿਛਲੀ ਖ਼ਬਰ ਆਮਿਰ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਗਰੋਹ ਦੇ ਨਾਂਅ ’ਤੇ ਮਿਲੀ ਧਮਕੀ ਅਗਲੀ ਖ਼ਬਰ ਸੀ.ਬੀ.ਐਸ.ਈ. 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।