ਚੰਡੀਗੜ੍ਹ, 20 ਜੁਲਾਈ (ਪੀ.ਟੀ.ਆਈ.)-ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਇੱਕ ਵੱਛੇ ਨੂੰ ਬਚਾਉਣ ਲਈ ਇੱਕ ਬੰਦ ਖੂਹ ਵਿੱਚ ਡਿਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈ। ਇਹ ਘਟਨਾ ਐਤਵਾਰ ਸ਼ਾਮ ਨੂੰ ਮੁਨੀਮਪੁਰ ਪਿੰਡ ਵਿੱਚ ਵਾਪਰੀ।ਝੱਜਰ ਦੇ ਸਦਰ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਜੀਤ ਨੇ ਸੋਮਵਾਰ ਨੂੰ ਦੱਸਿਆ, “ਇੱਕ ਵੱਛਾ ਇੱਕ ਬੰਦ ਖੂਹ ਵਿੱਚ ਡਿੱਗ ਗਿਆ ਸੀ। ਦੋ ਲੋਕ ਜਾਨਵਰ ਨੂੰ ਬਚਾਉਣ ਲਈ ਖੂਹ ਵਿੱਚ ਉਤਰ ਗਏ। ਜਦੋਂ ਉਹ ਬਾਹਰ ਨਹੀਂ ਆਏ ਤਾਂ 2 ਹੋਰ ਲੋਕ ਖੂਹ ਵਿੱਚ ਉਤਰ ਗਏ, ਪਰ ਉਹ ਵੀ ਬਾਹਰ ਨਹੀਂ ਆਏ। ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ‘ਮ੍ਰਿਤਕ ਲਿਆਂਦਾ’ ਐਲਾਨ ਦਿੱਤਾ ਗਿਆ।” ਐੱਸ.ਐੱਚ.ਓ. ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਮੋਨੂੰ, ਦਲਬੀਰ ਅਤੇ ਨਰਿੰਦਰ ਵਜੋਂ ਹੋਈ ਹੈ, ਸਾਰੇ ਸਥਾਨਕ ਪਿੰਡ ਵਾਸੀ ਅਤੇ ਚੌਥੇ ਵਿਅਕਤੀ ਦੀ ਪਛਾਣ ਰਾਮੂ ਵਜੋਂ ਹੋਈ ਹੈ, ਜੋ ਕਿ ਇੱਕ ਪ੍ਰਵਾਸੀ ਮਜ਼ਦੂਰ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਵੱਛੇ ਦੀ ਵੀ ਮੌਤ ਹੋ ਗਈ।