02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਹਾਈਕਮਾਨ ਵਲੋਂ ਵੜਿੰਗ, ਚੰਨੀ ਤੇ ਰੰਧਾਵਾ ਦੀ ਮੌਜੂਦਗੀ ’ਚ ਪੰਜਾਬ ਨੂੰ ਲੈ ਕੇ ਅਹਿਮ ਮੀਟਿੰਗ

ਅਜੀਤ ਡੈਸਕ 23-07-2026

ਸਾਰੀ ਕਾਂਗਰਸ ਇਕਜੁੱਟ, ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ-ਭੁਪੇਸ਼ ਬਘੇਲ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 22 ਜੁਲਾਈ-ਪੰਜਾਬ ਕਾਂਗਰਸ ਵਿਚਾਲੇ ਛਿੜੀ ਖਾਨਾਜੰਗੀ ਖ਼ਤਮ ਕਰਵਾਉਣ ਲਈ ਅੱਜ ਫਿਰ ਦਿੱਲੀ ਵਿਖੇ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨਾਲ ਅਹਿਮ ਮੀਟਿੰਗ ਕੀਤੀ ਗਈ। ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਤੇ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਵਲੋਂ ਲਈ ਗਈ ਮੀਟਿੰਗ ’ਚ ਪੰਜਾਬ ਦੀ ਲੀਡਰਸ਼ਿਪ ਨੂੰ ਆਪਣੇ ਨਿੱਜੀ ਗਿਲੇ ਸ਼ਿਕਵੇ ਛੱਡ ਕੇ ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਦੀ ਬਣਾਉਣ ਲਈ ਮਿਲ ਕੇ ਅੱਗੇ ਵਧਣ ਦਾ ਸੰਦੇਸ਼ ਦਿੱਤਾ ਗਿਆ ਹੈੇ। ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਬਹੁਤ ਹੀ ਵਧੀਆ ਮਾਹੌਲ ’ਚ ਪੰਜਾਬ ਦੀ ਲੀਡਰਸ਼ਿਪ ਨਾਲ ਮੀਟਿੰਗ ਹੋਈ ਹੈ, ਜਿਸ ਦੌਰਾਨ ਪੰਜਾਬ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਹੋਇਆ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਇਕਜੁੱਟ ਹੈ ਤੇ ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਆਗੂਆਂ ਦੀਆਂ ਵਿਧਾਨ ਸਭਾ ਚੋਣਾਂ 2027 ਲਈ ਬਣਾਈਆਂ ਕਮੇਟੀਆਂ ਦੀ ਪਹਿਲੀ ਮੀਟਿੰਗ ਸੱਦੀ ਗਈ ਸੀ, ਜਿਸ ਦੌਰਾਨ ਸਾਰੇ ਆਗੂਆਂ ਨੇ ਇਕਜੁੱਟ ਹੋ ਕੇ ਆਪਣੀ ਰਾਇ ਰੱਖੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ’ਚ ਹੋਰ ਵੀ ਮੀਟਿੰਗਾਂ ਪੰਜਾਬ ਨੂੰ ਲੈ ਕੇ ਹੋਣਗੀਆਂ ਤੇ ਉਨ੍ਹਾਂ ਵਲੋਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੋਂ ਪੰਜਾਬ ’ਚ ਜਲਦ ਚੋਣ ਮੁਹਿੰਮ ਸ਼ੁਰੂ ਕਰਨ ਲਈ ਸਮਾਂ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਹੁਣ ਕਾਂਗਰਸ ਵੱਲ ਦੇਖ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਤੋਂ ਬਾਹਰ ਕਰਨ ਲਈ ਕਾਹਲਾ ਹੈ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਕੱਲ੍ਹ ਵੀ ਹੋ ਸਕਦੀ ਹੈ ਜਾਂ ਫਿਰ ਆਉਂਦੇ ਦਿਨਾਂ ’ਚ ਵੀ ਮੀਟਿੰਗਾਂ ਜ਼ਰੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਲਗਾਤਾਰ ਲੋਕ ਜੁੜ ਰਹੇ ਹਨ ਤੇ ਪੰਜਾਬ ’ਚ ਕਾਂਗਰਸ ਜਲਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁਹਿੰਮ ਸ਼ੁਰੂ ਕਰੇਗੀ। ਚੋਣ ਮੁਹਿੰਮ ਦੌਰਾਨ ਪੰਜਾਬ ’ਚ ਬੱਸ ਯਾਤਰਾ ਤੇ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਮਹੀਨੇ ਦੇ ਅਖੀਰਲੇ ਦਿਨਾਂ ’ਚ ਪੰਜਾਬ ਕਾਂਗਰਸ ਵਲੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਮੁੜ ਪੰਜਾਬ ਕਾਂਗਰਸ ’ਚ ਕਿਸੇ ਕਿਸਮ ਦੀ ਧੜੇਬੰਦੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਰੀ ਕਾਂਗਰਸ ਇਕਜੁੱਟ ਹੈ। ਸੂਤਰਾਂ ਅਨੁਸਾਰ ਇਸ ਮੀਟਿੰਗ ’ਚ ਕਾਂਗਰਸ ਦੇ ਨੀਤੀਘਾੜੇ ਸੁਨੀਲ ਕੋਨੂ ਗੋਲੂ ਵਲੋਂ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਇਕ ਰਿਪੋਰਟ ਰੱਖੀ ਗਈ ਸੀ, ਜਿਸ ’ਤੇ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੀ ਸਾਰੀ ਲੀਡਰਸ਼ਿਪ ਨਾਲ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ’ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਡਾ. ਅਮਰ ਸਿੰਘ, ਧਰਮਵੀਰ ਗਾਂਧੀ, ਗੁਰਜੀਤ ਸਿੰਘ ਔਜਲਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ, ਰਾਜ ਕੁਮਾਰ ਵੇਰਕਾ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਹੋਰ ਆਗੂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੀ ਖਾਨਾਜੰਗੀ ਤੇ ਚਰਨਜੀਤ ਸਿੰਘ ਚੰਨੀ ਧੜੇ ਵਲੋਂ ਕੀਤੀ ਬਗ਼ਾਵਤ ਤੋਂ ਬਾਅਦ ਸਾਰੇ ਆਗੂਆਂ ਦੀ ਇਕੱਠਿਆਂ ਦਿੱਲੀ ’ਚ ਇਹ ਪਹਿਲੀ ਮੀਟਿੰਗ ਹੈ, ਜੋ ਹਾਈਕਮਾਨ ਵਲੋਂ ਲਈ ਗਈ ਹੈ। ਫ਼ਿਲਹਾਲ ਕਿਸੇ ਵੀ ਆਗੂ ਨੇ ਕਾਂਗਰਸ ਦੀ ਖਾਨਾਜੰਗੀ ਨੂੰ ਲੈ ਕੇ ਗੱਲ ਕਰਨ ਤੋਂ ਪਾਸਾ ਵੱਟਿਆ, ਪਰ ਆਉਂਦੇ ਦਿਨਾਂ ’ਚ ਇਹ ਗੱਲ ਸਾਫ ਹੋ ਜਾਵੇਗੀ ਕਿ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਲੀਡਰਸ਼ਿਪ ਵਿਚਾਲੇ ਛਿੜੀ ਖਾਨਾਜੰਗੀ ਨੂੰ ਖਤਮ ਕਰਾਉਣ ’ਚ ਕਿੰਨਾ ਕੁ ਸਫਲ ਹੋ ਸਕੀ ਹੈ। ਮੀਟਿੰਗ ਤੋਂ ਬਾਹਰ ਆ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਤੇ ਸਾਰੀ ਲੀਡਰਸ਼ਿਪ ਮੇਰੇ ਸਿਰ ਦਾ ਤਾਜ ਹਨ ਤੇ ਉਨ੍ਹਾਂ ਕਰਕੇ ਹੀ ਅੱਜ ਮੈਂ ਇੱਥੇ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੈ ਤੇ ਪੰਜਾਬ ’ਚ ਸਰਕਾਰ ਬਣਾਉਣ ਲਈ ਸਾਰੇ ਰਲ ਕੇ ਅੱਗੇ ਵਧਣਗੇ। ਉਨ੍ਹਾਂ ਕਿਹਾ ਕਿ ਪਰਿਵਾਰ ’ਚ ਥੋੜ੍ਹੇ ਬਹੁਤ ਗਿਲੇ-ਸ਼ਿਕਵੇ ਹੋ ਜਾਂਦੇ ਹਨ, ਪਰ ਸਾਡਾ ਪਰਿਵਾਰ ਤੇ ਸਾਡੀ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਹੁਤ ਵਧੀਆ ਮਾਹੌਲ ’ਚ ਮੀਟਿੰਗ ਹੋਈ ਹੈ ਤੇ ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹਾਈਕਮਾਨ ਨਾਲ ਵਿਚਾਰ-ਵਟਾਂਦਰਾ ਹੋਇਆ ਹੈ ਤੇ ਸਾਰਿਆਂ ਨੇ ਇਕਜੁੱਟ ਹੋ ਕੇ ਇਕੋ ਸੁਨੇਹਾ ਦਿੱਤਾ ਹੈ ਕਿ ਪੰਜਾਬ ’ਚ ਰਲ ਕੇ ਆਉਂਦੀ ਸਰਕਾਰ ਕਾਂਗਰਸ ਦੀ ਬਣਾਉਣੀ ਹੈ।

ਪਿਛਲੀ ਖ਼ਬਰ ਅਮਰੀਕਾ ਵਲੋਂ ਜੈਨਰਿਕ ਦਵਾਈਆਂ ’ਤੇ ਟੈਰਿਫ ਦੀ ਤਿਆਰੀ ਅਗਲੀ ਖ਼ਬਰ ਭਾਈ ਰਾਜੋਆਣਾ ਨੇ ਜਥੇਦਾਰ ਨੂੰ ਮੁੜ ਲਿਖਿਆ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।