ਕਿਹਾ, ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਦੀ ਤਰਜਮਾਨੀ ਕਰਦਾ ਫ਼ੈਸਲਾ ਜਲਦ ਲਿਆ ਜਾਵੇ
ਅੰਮ੍ਰਿਤਸਰ, 22 ਜੁਲਾਈ (ਜਸਵੰਤ ਸਿੰਘ ਜੱਸ)-ਕੇਂਦਰੀ ਜੇਲ੍ਹ ਪਟਿਆਲਾ ’ਚ ਲੰਮੇ ਸਮੇਂ ਤੋਂ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੁੜ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਜਾਂ ਤਾਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ ਕਰਨ ਵਾਲੀ ਅਪੀਲ ਨੂੰ ਵਾਪਸ ਲੈ ਕੇ ਮੈਨੂੰ ਇਨ੍ਹਾਂ ਸਾਜਿਸ਼ੀ ਹੁਕਮਰਾਨਾਂ ਦੀਆਂ ਰਾਜਨੀਤੀ ਦੀਆਂ ਸਾਜਿਸ਼ਾਂ ਤੋਂ ਮੁਕਤ ਕਰ ਦੇਵੋ ਜਾਂ ਫਿਰ ਦੇਸ਼ ’ਤੇ ਰਾਜ ਕਰ ਰਹੀ ਭਾਜਪਾ ਦੇ ਪ੍ਰਮੁੱਖ ਸਿੱਖ ਆਗੂਆਂ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਣ ਤੇ ਸਰਕਾਰ-ਏ-ਖ਼ਾਲਸਾ ਬਣਾਉਣ ਦਾ ਦਾਅਵਾ ਕਰ ਰਹੇ ਹਨ, ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਪੁੱਛਿਆ ਜਾਵੇ ਕਿ ਜਿਹੜਾ ਫ਼ੈਸਲਾ ਛੇ ਮਹੀਨੇ ’ਚ ਹੋ ਜਾਣਾ ਚਾਹੀਦਾ ਸੀ, ਉਸ ਨੂੰ 15 ਸਾਲਾਂ ਬਾਅਦ ਵੀ ਕਿਉਂ ਨਹੀਂ ਕੀਤਾ ਜਾ ਰਿਹਾ? ਤੁਸੀਂ 2019 ’ਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਨੂੰ ਹੁਣ ਤੱਕ ਲਾਗੂ ਕਿਉਂ ਨਹੀਂ ਕੀਤਾ ਗਿਆ? ਤੁਸੀਂ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੂੰ ਹੁਣ ਤੱਕ ਮਿਲਣ ਲਈ ਸਮਾਂ ਕਿਉਂ ਨਹੀਂ ਦੇ ਰਹੇ? ਜਥੇਦਾਰ ਗੜਗੱਜ ਨੂੰ 20 ਜੁਲਾਈ ਨੂੰ ਲਿਖੇ ਤਿੰਨ ਸਫ਼ਿਆਂ ਦੇ ਪੱਤਰ ’ਚ ਭਾਈ ਰਾਜੋਆਣਾ ਨੇ ਕਿਹਾ ਹੈ ਕਿ ਮੈਨੂੰ ਜੇਲ੍ਹ ’ਚ 31ਵਾਂ ਸਾਲ ਤੇ ਫਾਂਸੀ ਦੀ ਚੱਕੀ ’ਚ 31 ਜੁਲਾਈ ਨੂੰ 19 ਸਾਲ ਪੂਰੇ ਹੋ ਜਾਣਗੇ ਤੇ 20ਵਾਂ ਸਾਲ ਸ਼ੁਰੂ ਹੋ ਜਾਵੇਗਾ। ਉਨ੍ਹਾਂ ਪੱਤਰ ’ਚ ਕਿਹਾ ਕਿ 1984 ’ਚ ਮੈਂ 11ਵੀਂ ’ਚ ਪੜ੍ਹਦਾ ਸੀ, ਉਸ ਸਮੇਂ ਦਿੱਲੀ ਦੇ ਤਖ਼ਤ ’ਤੇ ਬੈਠੇ ਕਾਂਗਰਸੀ ਹੁਕਮਰਾਨਾ ਵਲੋਂ ਤੋਪਾਂ ਨਾਲ ਢਹਿ-ਢੇਰੀ ਕੀਤੇ ਅਕਾਲ ਤਖ਼ਤ ਸਾਹਿਬ ਅੱਗੇ ਖੜ੍ਹ ਕੇ ਅਜਿਹਾ ਕਹਿਰ ਕਰਨ ਵਾਲੇ ਤੇ ਜ਼ੁਲਮ ਕਰਨ ਵਾਲੇ ਹੁਕਮਰਾਨਾਂ ਤੋਂ ਬਦਲਾ ਲੈਣ ਲਈ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹ ਦੇ ਚਰਨਾ ’ਚ ਕੀਤੀ ਅਰਦਾਸ ਤੋਂ ਹੀ ਮੇਰਾ ਜੀਵਨ ਕੌਮੀ ਸੰਘਰਸ਼ ਤੇ ਗੁਰੂ ਸਾਹਿਬ ਦੇ ਚਰਨਾ ਨੂੰ ਸਮਰਪਿਤ ਹੋ ਗਿਆ ਸੀ। ਇਸ ਦੌਰਾਨ ਜੋ ਕੁਝ ਵੀ ਹੋਇਆ ਉਹ ਗੁਰੂ ਪਿਤਾ ਨੇ ਆਪ ਰਾਹ ਦਿਖਾ ਕੇ ਕਰਵਾਇਆ। ਉਨ੍ਹਾਂ ਅੱਗੇ ਲਿਖਿਆ ਕਿ ਸੰਘਰਸ਼ ਦੌਰਾਨ ਕੀਤੇ ਹੋਏ ਕੰਮ ਦੇ ਬਦਲੇ ਹਿੰਦੁਸਤਾਨ ਦੀ ਅਦਾਲਤ ਨੇ ਮੈਨੂੰ ਮੌਤ ਦੀ ਸਜ਼ਾ ਸੁਣਾਈ, ਜਿਸ ਨੂੰ ਮੈਂ ਹੱਸ ਕੇ ਸਵੀਕਾਰ ਕਰ ਲਿਆ। ਉਸ ਸਮੇਂ ਨਾ ਤਾਂ ਮੈਂ ਅਕਾਲ ਤਖ਼ਤ ਸਾਹਿਬ ਨੂੰ ਇਹ ਕਿਹਾ ਕਿ ਤੁਸੀਂ ਮੇਰੀ ਫਾਂਸੀ ਦੀ ਸਜ਼ਾ ਨੂੰ ਰੁਕਵਾਉਣ ਲਈ ਕੋਈ ਆਦੇਸ਼ ਜ਼ਾਰੀ ਕਰੋ, ਨਾ ਹੀ ਮੈਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਤੁਸੀਂ ਮੇਰੀ ਫਾਂਸੀ ਦੀ ਸਜ਼ਾ ਖ਼ਿਲਾਫ਼ ਰਾਸ਼ਟਰਪਤੀ ਕੋਲ ਕੋਈ ਅਪੀਲ ਦਾਇਰ ਕਰੋ। ਨਾ ਹੀ ਮੈਂ ਰਾਸ਼ਟਰਪਤੀ ਨੂੰ ਇਹ ਕਿਹਾ ਕਿ ਤੁਸੀਂ ਇਸ ਅਪੀਲ ਨੂੰ ਸਵੀਕਾਰ ਕਰ ਲਵੋ, ਨਾ ਹੀ ਮੈਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਹ ਕਿਹਾ ਕਿ ਤੁਸੀਂ ਮੇਰੀ ਫਾਂਸੀ ਦੀ ਸਜ਼ਾ ’ਤੇ ਰੋਕ ਲਗਾ ਦਿਓ। ਫਿਰ ਵੀ ਇਹ ਸਭ ਕੁਝ ਹੋਇਆ, ਇਹ ਇਕ ਇਤਿਹਾਸਕ ਸੱਚ ਹੈ। ਮੈਂ ਇਕ ਅਪ੍ਰੈਲ ਨੂੰ ਆਪ ਜੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਦੇਸ਼ ਦੇ ਹੁਕਮਰਾਨ ਪਿਛਲੇ 15 ਸਾਲਾਂ ਤੋਂ ਨਾ ਹੀ ਇਸ ਅਪੀਲ ’ਤੇ ਕੋਈ ਫ਼ੈਸਲਾ ਕਰ ਰਹੇ ਹਨ ਅਤੇ ਨਾ ਹੀ ਸਾਨੂੰ ਮਿਲਣਾ ਚਾਹੁੰਦੇ ਹਨ। ਇਹ ਸਾਡੀਆਂ ਮਹਾਨ ਸੰਸਥਾਵਾਂ ਦਾ ਅਪਮਾਨ ਹੈ। ਇਸ ਲਈ ਇਸ ਅਪੀਲ ਨੂੰ ਵਾਪਸ ਲੈਣ ਲਈ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਆਦੇਸ਼ ਜਾਰੀ ਕੀਤਾ ਜਾਵੇ, ਜਾਂ ਫਿਰ ਮੈਨੂੰ ਇਹ ਦੱਸਿਆ ਜਾਵੇ ਕਿ ਉਹ ਕਿਹੜਾ ਸਿੱਖੀ ਸਿਧਾਂਤ ਹੈ, ਉਹ ਸਾਡੀ ਕਿਹੜੀ ਪ੍ਰੰਪਰਾ ਹੈ ਜਾਂ ਇਤਿਹਾਸ ਦਾ ਉਹ ਕਿਹੜਾ ਪੰਨਾ ਹੈ, ਜਿਹੜਾ ਸਾਨੂੰ 15 ਸਾਲਾਂ ਬਾਅਦ ਵੀ ਬੇਇੱਜ਼ਤ ਹੋ ਕੇ ਇਨ੍ਹਾਂ ਹੁਕਮਰਾਨਾਂ ਦੇ ਅੱਗੇ ਬੇਨਤੀ ਕਰਤਾ ਬਣ ਕੇ ਖੜ੍ਹੇ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਜਥੇਦਾਰ ਪ੍ਰਤੀ ਵੀ ਗਿਲਾ ਜ਼ਾਹਿਰ ਕੀਤਾ ਕਿ ਤੁਸੀਂ ਮੈਨੂੰ ਇਸ ਗੱਲ ਦਾ ਨਾ ਹੀ ਕੋਈ ਜਵਾਬ ਦਿੱਤਾ ਅਤੇ ਨਾ ਹੀ ਇਸ ਅਪੀਲ ਨੂੰ ਵਾਪਸ ਲੈਣ ਲਈ ਕੋਈ ਆਦੇਸ਼ ਹੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਹਜ਼ਾਰਾਂ ਲਾਵਾਰਿਸ ਕਹਿ ਕੇ ਸਾੜੇ ਗਏ ਅਤੇ ਦਰਿਆਵਾਂ ਵਿਚ ਰੋੜ੍ਹੇ ਗਏ ਆਪਣੇ ਵੀਰਾਂ ਦੀ ਯਾਦ ਵਿਚ ਅਸੀਂ 31 ਅਗਸਤ, 1995 ਨੂੰ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰ ਦਿੱਤੀ ਸੀ। ਇਸੇ ਦੌਰਾਨ ਜਦੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਭਾਈ ਰਾਜੋਆਣਾ ਦੇ ਪੱਤਰ ਸੰਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਵਿਦੇਸ਼ ਗਏ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ।
ਭਾਈ ਰਾਜੋਆਣਾ ਨੇ ਜਥੇਦਾਰ ਨੂੰ ਮੁੜ ਲਿਖਿਆ ਪੱਤਰ
ਅਜੀਤ ਡੈਸਕ
23-07-2026