ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਤੇ ਭਾਜਪਾ ਆਹਮੋ-ਸਾਹਮਣੇ
ਅਜੀਤ ਡੈਸਕ
23-07-2026
ਨਵੀਂ ਦਿੱਲੀ, 22 ਜੁਲਾਈ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਦਿੱਲੀ ’ਚ ਪ੍ਰਧਾਨ ਮੰਤਰੀ ਨਿਵਾਸ ਵੱਲ ਮਾਰਚ ਦੌਰਾਨ ਹਿਰਾਸਤ ’ਚ ਲਏ ਜਾਣ ਤੇ ਪੁਲਿਸ ਨਾਲ ਹੋਈ ਝੜਪ ਦੇ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਦੇਸ਼ ਭਰ ’ਚ ਸਿਆਸੀ ਤਣਾਅ ਹੋਰ ਵਧ ਗਿਆ। ਕਾਂਗਰਸ ਨੇ ਇਸ ਨੂੰ ਲੋਕਤੰਤਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਾਰ ਦਿੰਦਿਆਂ ਕਈ ਰਾਜਾਂ ’ਚ ਵਿਰੋਧ ਪ੍ਰਦਰਸ਼ਨ ਕੀਤੇ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਕਾਂਗਰਸ ਦੇ ਰਵੱਈਏ ਦੇ ਵਿਰੋਧ ’ਚ ਦੇਸ਼ ਭਰ ਦੇ ਕਾਂਗਰਸ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ। ਦਿੱਲੀ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ, ਮਹਾਰਾਸ਼ਟਰ ਤੇ ਹੋਰ ਕਈ ਰਾਜਾਂ ’ਚ ਕਾਂਗਰਸੀ ਵਰਕਰਾਂ ਨੇ ਰੈਲੀਆਂ ਕੱਢ ਕੇ ਰਾਹੁਲ ਗਾਂਧੀ ਨਾਲ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ। ਦੂਜੇ ਪਾਸੇ ਭਾਜਪਾ ਨੇ ਕਾਂਗਰਸ ’ਤੇ ਰਾਜਨੀਤਿਕ ਨਾਟਕ ਕਰਨ ਦਾ ਦੋਸ਼ ਲਗਾਇਆ। ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਕੇ ਪ੍ਰਧਾਨ ਮੰਤਰੀ ਨਿਵਾਸ ਵੱਲ ਮਾਰਚ ਕਰਨਾ ਗਲਤ ਸੀ ਤੇ ਕਾਂਗਰਸ ਹਮਦਰਦੀ ਹਾਸਿਲ ਕਰਨ ਲਈ ਅਜਿਹੇ ਪ੍ਰਦਰਸ਼ਨ ਕਰ ਰਹੀ ਹੈ। ਭਾਜਪਾ ਦੇ ਵਰਕਰਾਂ ਨੇ ਕਈ ਸ਼ਹਿਰਾਂ ’ਚ ਕਾਂਗਰਸ ਦਫ਼ਤਰਾਂ ਅੱਗੇ ਧਰਨੇ ਦੇ ਕੇ ਰਾਹੁਲ ਗਾਂਧੀ ਦੀ ਕਾਰਵਾਈ ਦੀ ਨਿੰਦਾ ਕੀਤੀ।