ਗੁਰਮੀਤ ਸਿੰਘ ਵਾਲੀਆ
ਐਡੀਲੇਡ, 27 ਜੁਲਾਈ-ਦੱਖਣੀ ਆਸਟ੍ਰੇਲੀਆ ਦੇ ਉੱਤਰੀ ਇਲਾਕੇ ਵਰਜੀਨੀਆ ਵਿਖੇ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਨੂੰ ਐਤਵਾਰ ਰਾਤ ਲੱਗੀ ਭਿਆਨਕ ਅੱਗ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਦੁਖਦਾਈ ਘਟਨਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਅਗਨ ਭੇਟ ਹੋ ਗਏ, ਜਿਸ ਨਾਲ ਸਮੁੱਚੀ ਸਿੱਖ ਸੰਗਤ ’ਚ ਗਹਿਰੇ ਦੁੱਖ ਤੇ ਸੋਗ ਦੀ ਲਹਿਰ ਦੌੜ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਐਤਵਾਰ ਰਾਤ ਕਰੀਬ 10 ਵਜੇ ਗੁਰਦੁਆਰਾ ਸਾਹਿਬ ’ਚ ਅਚਾਨਕ ਅੱਗ ਲੱਗ ਗਈ। ਕੁਝ ਹੀ ਮਿੰਟਾਂ ’ਚ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਅੰਦਰੋਂ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ। ਸੂਚਨਾ ਮਿਲਦੇ ਹੀ ਮੈਟਰੋਪੋਲੀਟਨ ਫਾਇਰ ਸਰਵਿਸ ਤੇ ਕੰਟਰੀ ਫਾਇਰ ਸਰਵਿਸ ਦੇ ਕਰੀਬ 60 ਫਾਇਰਫਾਈਟਰ ਅੱਗ ਬੁਝਾਊ ਗੱਡੀਆਂ ਸਮੇਤ ਮੌਕੇ ’ਤੇ ਪਹੁੰਚੇ ਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਦੱਖਣੀ ਆਸਟ੍ਰੇਲੀਆ ਪੁਲਿਸ ਤੇ ਅੱਗ ਜਾਂਚ ਮਾਹਿਰਾਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਸਟ੍ਰੇਲੀਆ ’ਚ ਗੁਰਦੁਆਰੇ ਨੂੰ ਲੱਗੀ ਭਿਆਨਕ ਅੱਗ
ਅਜੀਤ ਡੈਸਕ
28-07-2026