02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਡਰੋਨਾਂ ਤੇ ਬੰਦਰਗਾਹਾਂ ਰਾਹੀਂ ਭਾਰਤ ਵਿਚ ਨਸ਼ੇ ਦੀ ਤਸਕਰੀ 5 ਸਾਲਾਂ ’ਚ 10 ਲੱਖ ਕਰੋੜ ਦੇ ਨਸ਼ੇ ਆਉਣ ਦਾ ਅੰਦਾਜ਼ਾ

ਅਜੀਤ ਡੈਸਕ 29-07-2026

ਹਰਜਿੰਦਰ ਸਿੰਘ ਲਾਲ
ਖੰਨਾ, 28 ਜੁਲਾਈ-ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਹੁਣ ਇਕ ਵਿਸ਼ਵ ਪੱਧਰੀ ਚੁਣੌਤੀ ਬਣ ਚੁੱਕੀ ਹੈ। ਡਰੋਨਾਂ ਰਾਹੀਂ ਸਰਹੱਦਾਂ ’ਤੇ ਘੁਸਪੈਠ ਤੋਂ ਲੈ ਕੇ ਅੰਤਰਰਾਸ਼ਟਰੀ ਬੰਦਰਗਾਹਾਂ ਰਾਹੀਂ ਨਸ਼ੇ ਦੀਆਂ ਵੱਡੀਆਂ ਖੇਪਾਂ ਭੇਜਣ ਤੱਕ ਤਸਕਰ ਸੰਗਠਨ ਤਕਨਾਲੋਜੀ ਅਤੇ ਨਵੇਂ ਰਾਹਾਂ ਦੀ ਵਰਤੋਂ ਕਰ ਰਹੇ ਹਨ। ਇਸ ਵੇਲੇ ਪੰਜਾਬ ਨਸ਼ਾ ਤਸਕਰੀ ਦੇ ਮਾਮਲੇ ਵਿਚ ਦੇਸ਼ ਵਿਚੋਂ ਸਭ ਤੋਂ ਵੱਧ ਪ੍ਰਭਾਵਿਤ ਰਾਜ ਬਣਿਆ ਹੋਇਆ ਹੈ। ਪੰਜਾਬ ਵਿਚ ਡਰੋਨਾਂ ਰਾਹੀਂ ਤਸਕਰੀ ਵਿਚ ਰਿਕਾਰਡ ਵਾਧਾ ਹੋਇਆ ਹੈ । ਭਾਵੇਂ ਪੰਜਾਬ ਸਰਕਾਰ ਤੇ ਪੁਲਿਸ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਵੱਡੇ ਪੱਧਰ ਉਤੇ ਕਾਰਵਾਈਆਂ ਹੋ ਰਹੀਆਂ ਹਨ, ਪਰ ਨਤੀਜੇ ਉਤਸ਼ਾਹਜਨਕ ਨਹੀਂ ਜਾਪਦੇ। ਰਾਜ ਸਭਾ ਵਿਚ 22 ਜੁਲਾਈ, 2026 ਨੂੂੰ ਭਾਰਤ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਜਾਣਕਾਰੀ ਦਿੱਤੀ ਸੀ ਕਿ ਪੂਰੇ ਦੇਸ਼ ਵਿਚ ਡਰੋਨ ਰਾਹੀਂ ਨਸ਼ਾ ਤਸਕਰੀ ਦੀਆਂ 305 ਘਟਨਾਵਾਂ ਹੋਈਆਂ ਸਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 298 ਘਟਨਾਵਾਂ ਇਕੱਲੇ ਪੰਜਾਬ ਦੀਆਂ ਸਨ, ਜਿਸ ਵਿਚ 448 ਕਿੱਲੋ ਹੈਰੋਇਨ, 9 ਕਿੱਲੋ ਮੈਥਾਮਫ਼ੈਟਾਮੀਨ ਅਤੇ 3 ਕਿੱਲੋ ਅਫ਼ੀਮ ਸ਼ਾਮਿਲ ਸੀ। ਗੌਰਤਲਬ ਹੈ ਕਿ 2021 ਵਿਚ ਡਰੋਨ ਰਾਹੀਂ ਤਸਕਰੀ ਦੇ ਸਿਰਫ਼ 3 ਮਾਮਲੇ ਸਨ ਅਤੇ 2025 ਵਿਚ ਇਨ੍ਹਾਂ ਦੀ ਗਿਣਤੀ 305 ਹੋ ਗਈ ਹੈ। ਇਹ ਲਗਭਗ 300 ਗੁਣਾ ਵਾਧਾ ਹੈ। ਵੈਸੇ ਕੁੱਲ ਮਿਲਾ ਕੇ 2025 ਵਿਚ ਦੇਸ਼ ਭਰ ਵਿਚ ਬਰਾਮਦ ਹੋਈ ਕੁੱਲ ਹੈਰੋਇਨ ਦਾ 58 ਫ਼ੀਸਦੀ ਹਿੱਸਾ ਪੰਜਾਬ ਵਿਚੋਂ ਹੀ ਫੜਿਆ ਗਿਆ ਹੈ। ਇਹ ਅੰਕੜਿਆਂ ਦੀ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਰਿਪੋਰਟ ਵਿਚ ਵੀ ਪੁਸ਼ਟੀ ਹੁੰਦੀ ਹੈ।
ਪੰਜਾਬ ਵਿਚ ਵੱਡੀਆਂ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ
ਪੰਜਾਬ ਪੁਲਿਸ ਵਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵੀ ਆਪਣੇ ਆਪ ਵਿਚ ਇਕ ਰਿਕਾਰਡ ਤੋੜ ਮੁਹਿੰਮ ਹੈ। ਪਿਛਲੇ 500 ਦਿਨਾਂ ਵਿਚ ਕੁੱਲ 52,432 ਐਫ.ਆਈ.ਆਰ. ਦਰਜ ਹੋਈਆਂ ਅਤੇ 68,850 ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ । ਇਸ ਤਰ੍ਹਾਂ ਪੰਜਾਬ ਵਿਚ ਰੋਜ਼ਾਨਾ ਔਸਤਨ 105 ਐਫ. ਆਈ. ਆਰ. ਅਤੇ 138 ਗ੍ਰਿਫ਼ਤਾਰੀਆਂ ਹਨ। ਇਨ੍ਹਾਂ ਵਿਚ 629 ਅਜਿਹੇ ਵੱਡੇ ਤਸਕਰ ਵੀ ਸ਼ਾਮਿਲ ਹਨ, ਜਿਨ੍ਹਾਂ ਕੋਲੋਂ ਹਰ ਇਕ ਤੋਂ 2 ਕਿੱਲੋ ਤੋਂ ਵਧੇਰੇ ਹੈਰੋਇਨ ਬਰਾਮਦ ਹੋਈ। 2025 ਵਿਚ ਰਾਜ ਵਿਚ ਰਿਕਾਰਡ 2,021 ਕਿੱਲੋ ਹੈਰੋਇਨ, 26 ਕਿੱਲੋ ਆਈਸ, 698 ਕਿੱਲੋ ਅਫ਼ੀਮ, 35,000 ਕਿੱਲੋ ਚੂਰਾ ਪੋਸਤ ਅਤੇ 55.78 ਲੱਖ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਹਨ । ਇਸ ਮੁਹਿੰਮ ਤਹਿਤ ਹਜ਼ਾਰਾਂ ਤਸਕਰਾਂ ਦੀਆਂ ਸੈਂਕੜੇ ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜ਼ਬਤ ਜਾਂ ਫਰੀਜ਼ ਕੀਤੀਆਂ ਗਈਆਂ ਹਨ।
ਬੰਦਰਗਾਹਾਂ ਉਤੇ ਵੱਡੀਆਂ ਨਸ਼ਾ ਖੇਪਾਂ: ਸਮੁੰਦਰੀ ਰੂਟ ਵੀ ਸਰਗਰਮ
ਭਾਰਤ ਵਿਚ ਤਸਕਰੀ ਸਿਰਫ਼ ਬਾਰਡਰ ਤੱਕ ਹੀ ਸੀਮਤ ਨਹੀਂ। ਗੁਜਰਾਤ ਦੀ ਮੁੰਦਰਾ ਬੰਦਰਗਾਹ ਉਤੇ ਵੱਡੀਆਂ ਬਰਾਮਦਗੀਆਂ ਹੋਈਆਂ ਹਨ। 2021 ਵਿਚ ਮੁੰਦਰਾ ਵਿਖੇ 2,988 ਕਿੱਲੋ ਹੈਰੋਇਨ ਬਰਾਮਦ ਹੋਈ ਸੀ, ਮੁੰਦਰਾ ਨੇੜੇ ਹੀ ਐਮ. ਵੀ. ਯੂਰਪ ਜਹਾਜ਼ ਤੋਂ 115 ਕਿੱਲੋ ਤੋਂ ਵਧੇਰੇ ਕੋਕੀਨ, ਜੋ ਲਗਭਗ 1,150 ਕਰੋੜ ਰੁਪਏ ਦੀ ਸੀ ਫੜੀ ਗਈ। ਇਹ ਬ੍ਰਾਜ਼ੀਲ ਤੋਂ ਆਈ ਸੀ। ਪਿਛਲੇ 5 ਸਾਲਾਂ ਵਿਚ ਭਾਰਤੀ ਬੰਦਰਗਾਹਾਂ ਉਤੇ 19 ਵੱਡੀਆਂ ਬਰਾਮਦਗੀਆਂ ਹੋਈਆਂ ਹਨ, ਜਿਨ੍ਹਾਂ ਵਿਚ ਹੈਰੋਇਨ, ਕੋਕੀਨ, ਟਰਾਮਾਡੋਲ ਗੋਲੀਆਂ ਆਦਿ ਸ਼ਾਮਿਲ ਹਨ। ਮੁੰਦਰਾ ਅਤੇ ਮੁੰਬਈ ਵਰਗੀਆਂ ਬੰਦਰਗਾਹਾਂ ਸਭ ਤੋਂ ਵੱਧ ਨਿਸ਼ਾਨਾ ਬਣੀਆਂ ਹਨ। ਇਹ ਖੇਪਾਂ ਅਕਸਰ ਲਾਤੀਨੀ ਅਮਰੀਕਾ, ਪੱਛਮੀ ਅਫ਼ਰੀਕਾ ਅਤੇ ਏਸ਼ੀਆਈ ਰੂਟਾਂ ਰਾਹੀਂ ਆਉਂਦੀਆਂ ਹਨ।
ਵਿਸ਼ਵ ਪੱਧਰੀ ਲਿੰਕ ਅਤੇ ਚੁਣੌਤੀਆਂ
ਇਹ ਤਸਕਰੀ ਗੋਲਡਨ ਕ੍ਰੈਸੈਂਟ (ਅਫ਼ਗਾਨਿਸਤਾਨ-ਪਾਕਿਸਤਾਨ-ਈਰਾਨ) ਨਾਲ ਜੁੜੀ ਹੋਈ ਹੈ ਅਤੇ ਅਕਸਰ ਅੱਤਵਾਦੀ ਫੰਡਿੰਗ ਨਾਲ ਵੀ ਸੰਬੰਧਿਤ ਹੈ। ਨਸ਼ੇ ਦੀ ਸਪਲਾਈ ਲਈ ਗੱਲਬਾਤ ਕਰਨ ਵਾਸਤੇ ਐਨਕ੍ਰਿਪਟਿਡ ਐਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤ ਵਿਚ ਐਨ.ਸੀ.ਬੀ. ਅਤੇ ਹੋਰ ਏਜੰਸੀਆਂ ਵਲੋਂ ਹਜ਼ਾਰਾਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਪਰ ਤਸਕਰ ਵੀ ਆਪਣੀਆਂ ਰਣਨੀਤੀਆਂ ਤੇਜ਼ੀ ਨਾਲ ਬਦਲਦੇ ਹਨ। ਇਸ ਮਾਮਲੇ ਵਿਚ 2025 ਵਿਚ 747 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਕੀਤੇ ਗਏ ਹਨ।
ਪੰਜਾਬ ਦੇ ਨੌਜਵਾਨਾਂ ਵਿਚ ਨਸ਼ੇ ਦਾ ਗੰਭੀਰ ਸੰਕਟ
ਪੰਜਾਬ ਦੇ ਨੌਜਵਾਨਾਂ ਵਿਚ ਨਸ਼ੇ ਦਾ ਗੰਭੀਰ ਸੰਕਟ ਹੈ। ਸਰਕਾਰ ਅਤੇ ਪੁਲਿਸ ਵਲੋਂ ਮੁੜ-ਵਸੇਬਾ ਜਾਗਰੂਕਤਾ ਅਤੇ ਭਾਈਚਾਰਕ ਹਿੱਸੇਦਾਰੀ ਉਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲੜਾਈ ਵਿਚ ਤਕਨੀਕੀ ਐਂਟੀ-ਡਰੋਨ ਸਿਸਟਮ, ਅੰਤਰਰਾਸ਼ਟਰੀ ਸਹਿਯੋਗ ਅਤੇ ਸਮਾਜਿਕ ਉਪਾਅ ਵੀ ਕੀਤੇ ਜਾ ਰਹੇ ਹਨ। ਪੰਜਾਬ ਤੇ ਭਾਰਤ ਇਸ ਵਿਸ਼ਵ ਪੱਧਰੀ ਮਹਾਮਾਰੀ ਵਿਰੁੱਧ ਲੜ ਰਿਹਾ ਹੈ ।
2021 ਤੋਂ 2025 ਵਿਚ ਕੁੱਲ ਬਰਾਮਦਗੀਆਂ
ਉਪਰੋਕਤ 5 ਸਾਲਾਂ ਵਿਚ ਲਗਭਗ 68,24,400 ਕਿੱਲੋਗਰਾਮ ਨਸ਼ਾ ਫੜਿਆ ਗਿਆ ਹੈ, ਜਿਸ ਦੀ ਅਨੁਮਾਨਿਤ ਕੀਮਤ ਲਗਭਗ 1,08,162 ਕਰੋੜ ਰੁਪਏ ਦੱਸੀ ਜਾਂਦੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਨਸ਼ੇ ਦੇ ਮਾਮਲੇ ਵਿਚ ਸਿਰਫ਼ 10 ਤੋਂ 20 ਫ਼ੀਸਦੀ ਨਸ਼ਾ ਹੀ ਫੜਿਆ ਜਾਂਦਾ ਹੈ, ਜਦੋਂ ਕਿ 80 ਤੋਂ 90 ਫ਼ੀਸਦੀ ਨਸ਼ਾ ਬਿਨਾਂ ਫੜਿਆਂ ਬਾਜ਼ਾਰ ਵਿਚ ਪਹੁੰਚ ਜਾਂਦਾ ਹੈ।

ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ਨੀਟ ਯੂ.ਜੀ. 2026 ਪੇਪਰ ਲੀਕ ਮਾਮਲੇ ’ਚ ਦੋਸ਼ਪੱਤਰ ਦਾਇਰ ਅਗਲੀ ਖ਼ਬਰ ਪਿਛਲੇ ਸਾਢੇ ਚਾਰ ਸਾਲਾਂ ’ਚ ਪੰਜਾਬ ’ਚ ਇਕ ਵੀ ਪੇਪਰ ਲੀਕ ਨਹੀਂ ਹੋਇਆ- ਭਗਵੰਤ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।