15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ-ਮੁੱਖ ਮੰਤਰੀ

ਲੁਧਿਆਣਾ, 14 ਅਗਸਤ (ਭੁਪਿੰਦਰ ਸਿੰਘ ਬੈਂਸ)-ਬੁੱਢਾ ਦਰਿਆ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਵਿਚ ਪੈਦਾ ਹੋਣ ਵਾਲੇ ਗੋਹੇ ਦੀ ਵਿਗਿਆਨਕ ਢੰਗ ਨਾਲ ਸੰਭਾਲ ਕਰਨ ਵੱਲ ਪੰਜਾਬ ਸਰਕਾਰ ਨੇ ਵੱਡਾ ....

ਅਜੀਤ ਡੈਸਕ 15-08-2026

ਲੁਧਿਆਣਾ, 14 ਅਗਸਤ (ਭੁਪਿੰਦਰ ਸਿੰਘ ਬੈਂਸ)-ਬੁੱਢਾ ਦਰਿਆ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਵਿਚ ਪੈਦਾ ਹੋਣ ਵਾਲੇ ਗੋਹੇ ਦੀ ਵਿਗਿਆਨਕ ਢੰਗ ਨਾਲ ਸੰਭਾਲ ਕਰਨ ਵੱਲ ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਹੈਬੋਵਾਲ ਵਿਖੇ 65 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਕੰਪ੍ਰੈਸਡ ਬਾਇਓ ਗੈਸ ਪਲਾਂਟ ਦਾ ਨੀਂਹ ਪੱਥਰ ਰੱਖਿਆ। 2.5 ਏਕੜ ਰਕਬੇ ਵਿਚ ਬਣਨ ਵਾਲਾ ਇਹ ਪਲਾਂਟ ਸਤੰਬਰ 2027 ਤੱਕ ਚਾਲੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪਲਾਂਟ ਵਿਚ ਹੈਬੋਵਾਲ ਡੇਅਰੀ ਕੰਪਲੈਕਸ ਤੋਂ ਰੋਜ਼ਾਨਾ ਪੈਦਾ ਹੋਣ ਵਾਲੇ ਲਗਭਗ 300 ਟਨ ਪਸ਼ੂਆਂ ਦੇ ਗੋਹੇ ਦੀ ਵਿਗਿਆਨਕ ਢੰਗ ਨਾਲ ਸੰਭਾਲ ਤੇ ਪ੍ਰਕਿਰਿਆ ਕੀਤੀ ਜਾਵੇਗੀ। ਇਸ ਨਾਲ ਬਿਨਾਂ ਸੋਧਿਆ ਗੋਹਾ ਅਤੇ ਹੋਰ ਗੰਦਗੀ ਬੁੱਢਾ ਦਰਿਆ ਵਿਚ ਜਾਣ ਤੋਂ ਰੋਕੀ ਜਾ ਸਕੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਬੁੱਢਾ ਦਰਿਆ ਦੇ ਕਾਇਆ-ਕਲਪ ਕਾਰਜਕ੍ਰਮ ਤਹਿਤ ਇਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ। ਗੋਹੇ ਦੀ ਵਿਗਿਆਨਕ ਵਰਤੋਂ ਨਾਲ ਨਾ ਸਿਰਫ ਦਰਿਆ ਵਿਚ ਪ੍ਰਦੂਸ਼ਣ ਘਟੇਗਾ, ਸਗੋਂ ਹੈਬੋਵਾਲ ਡੇਅਰੀ ਕੰਪਲੈਕਸ ਅਤੇ ਇਸ ਦੇ ਆਲੇ-ਦੁਆਲੇ ਸਫਾਈ ਵਿਚ ਵੀ ਵੱਡਾ ਸੁਧਾਰ ਹੋਵੇਗਾ। ਪਲਾਂਟ ਵਿਚ ਰੋਜ਼ਾਨਾ ਲਗਭਗ 5 ਟਨ ਸੰਕੁਚਿਤ ਜੈਵਿਕ ਗੈਸ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਜੈਵਿਕ ਖਾਦ ਵੀ ਤਿਆਰ ਹੋਵੇਗੀ। ਇਸ ਨਾਲ ਰਸਾਇਣਕ ਖਾਦਾਂ ’ਤੇ ਨਿਰਭਰਤਾ ਘਟਾਉਣ, ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕੂੜੇ ਤੋਂ ਕਮਾਈ ਦੀ ਸੋਚ ਤਹਿਤ ਇਹ ਪ੍ਰੋਜੈਕਟ ਡੇਅਰੀ ਮਾਲਕਾਂ ਲਈ ਆਮਦਨ ਦਾ ਨਵਾਂ ਸਾਧਨ ਬਣੇਗਾ।  ਹੈਬੋਵਾਲ ਖੇਤਰ ਦੇ ਲਗਭਗ 45 ਡੇਅਰੀ ਮਾਲਕਾਂ ਨੂੰ ਸਿੱਧਾ ਲਾਭ ਮਿਲੇਗਾ। ਪਸ਼ੂਆਂ ਦੇ ਗੋਹੇ ਦੀ ਉਪਯੋਗੀ ਢੰਗ ਰਾਹੀਂ ਉਨ੍ਹਾਂ ਲਈ ਆਮਦਨ ਦੇ ਨਵੇਂ ਸਾਧਨ ਪੈਦਾ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਰਫ ਗੈਸ ਬਣਾਉਣ ਵਾਲਾ ਪਲਾਂਟ ਨਹੀਂ, ਸਗੋਂ ਪੰਜਾਬ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਨਾਲ ਸੀਵਰੇਜ ਜਾਮ ਹੋਣ ਦੀ ਸਮੱਸਿਆ ਘਟਾਉਣ ਅਤੇ ਜਲ ਪ੍ਰਦੂਸ਼ਣ ’ਤੇ ਕਾਬੂ ਪਾਉਣ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰੇਕ ਪਾਸ ਸਾਫ ਸੁਥਰਾ ਵਾਤਾਵਰਨ ਬਣਾਉਣ ਲਈ ਅਜਿਹੇ ਹੋਰ ਪਲਾਂਟ ਸਥਾਪਿਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ 69 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਯੋਗਤਾ ਅਤੇ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਆਮ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ 2027 ਵਿਚ ਮੁੜ ਪੰਜਾਬ ਵਿਚ ਸਰਕਾਰ ਬਣਾਏਗੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਵਿਧਾਇਕ ਮਦਨ ਲਾਲ ਬੱਗਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਸਮੇਤ ਹੋਰ ਆਗੂ ਤੇ ਅਧਿਕਾਰੀ ਮੌਜੂਦ ਸਨ। 
ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਸੁਪਨਾ ਹੋਇਆ ਪੂਰਾ-ਭਗਵੰਤ ਮਾਨ
ਲੁਧਿਆਣਾ ਵਿਖੇ ਕੰਪ੍ਰੈਸਡ ਬਾਇਓ ਗੈਸ ਪਲਾਂਟ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਪਲਾਂਟ ਉਨ੍ਹਾਂ ਦਾ ਸੁਪਨਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੰਜੀਵ ਅਰੋੜਾ ਵਲੋਂ ਇਸ ਪ੍ਰੋਜੈਕਟ ਲਈ ਕੀਤੇ ਗਏ ਉਪਰਾਲਿਆਂ ਸਦਕਾ ਅੱਜ ਇਹ ਸੁਪਨਾ ਸਾਕਾਰ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਜੀਵ ਅਰੋੜਾ ਵਿਰੁੱਧ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਉਹ ਜਲਦ ਹੀ ਇਸ ਮਾਮਲੇ ਵਿਚੋਂ ਬਰੀ ਹੋ ਕੇ ਸੂਬੇ ਦੇ ਲੋਕਾਂ ਵਿਚ ਮੁੜ ਵਿਚਰਨਗੇ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਨੇ ਲੁਧਿਆਣਾ ਦੇ ਵਿਕਾਸ ਅਤੇ ਵਾਤਾਵਰਨ ਦੀ ਸੰਭਾਲ ਲਈ ਕਈ ਅਹਿਮ ਉਪਰਾਲੇ ਕੀਤੇ ਹਨ।

 

ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਫਤਿਹਪੁਰ ਵਿਖੇ 80ਵਾਂ ਸੁਤੰਤਰਤਾ ਦਿਵਸ ਤੇ ਤੀਆਂ ਦਾ ਮਨਾਇਆ ਤਿਉਹਾਰ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਤਿਆਰੀਆਂ ਤੇਜ਼-ਅਮਰਿੰਦਰ ਸਿੰਘ ਲਿਬੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।