21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਤਿਹਾੜ ਜੇਲ੍ਹ ’ਚ ਮੌਤ

ਜਗਤਾਰ ਸਿੰਘ ਨਵੀਂ ਦਿੱਲੀ, 20 ਅਗਸਤ -1984 ਸਿੱਖ ਕਤਲੇਆਮ ਦੇ ਵੱਖ-ਵੱਖ ਮਾਮਲਿਆਂ ’ਚ ਕਈ ਉਮਰ ਕੈਦ ਦੀ ਸਜ਼ਾਵਾਂ ਭੁਗਤ ਰਹੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ (81) ਦੀ ਵੀਰਵਾਰ ਨੂੰ ਤਿਹਾੜ ਜੇਲ੍ਹ ਵਿਚ ਸਿਹਤ ਵਿਗੜਨ ...

ਅਜੀਤ ਡੈਸਕ 21-08-2026

ਜਗਤਾਰ ਸਿੰਘ
ਨਵੀਂ ਦਿੱਲੀ, 20 ਅਗਸਤ -1984 ਸਿੱਖ ਕਤਲੇਆਮ ਦੇ ਵੱਖ-ਵੱਖ ਮਾਮਲਿਆਂ ’ਚ ਕਈ ਉਮਰ ਕੈਦ ਦੀ ਸਜ਼ਾਵਾਂ ਭੁਗਤ ਰਹੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ (81) ਦੀ ਵੀਰਵਾਰ ਨੂੰ ਤਿਹਾੜ ਜੇਲ੍ਹ ਵਿਚ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਤਿਹਾੜ ਜੇਲ੍ਹ ਵਿਚ ਹਾਲਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ,ਜਿੱਥੇ ਡਾਕਟਰਾਂ ਨੇ ਸੱਜਣ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ 31 ਅਕਤੂਬਰ, 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜਧਾਨੀ ਦਿੱਲੀ ਸਮੇਤ ਹੋਰਨਾਂ ਸੂਬਿਆਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ ਅਤੇ ਜਾਇਦਾਦਾਂ ਵੀ ਲੁੱਟੀਆਂ ਗਈਆਂ। ਇਸ ਕਤਲੇਆਮ ਨਾਲ ਹੀ ਸੰਬੰਧਿਤ ਵੱਖ-ਵੱਖ ਮਾਮਲਿਆਂ ’ਚ ਤਤਕਾਲੀ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦਾ ਨਾਂਅ ਵੱਡੇ ਦੋਸ਼ੀ ਵਜੋਂ ਉੱਭਰ ਕੇ ਸਾਹਮਣੇ ਆਇਆ ਸੀ ਅਤੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਮਿਲੀਆਂ ਕਈ ਉਮਰ ਕੈਦ ਦੀਆਂ ਸਜ਼ਾਵਾਂ ਨੂੰ ਉਹ ਤਿਹਾੜ ਜੇਲ੍ਹ ਭੁਗਤ ਰਿਹਾ ਸੀ। ਦਿੱਲੀ ਹਾਈ ਕੋਰਟ ਨੇ ਪਾਲਮ ਇਲਾਕੇ ਨਾਲ ਸੰਬੰਧਿਤ ਮਾਮਲੇ ’ਚ ਸੱਜਣ ਕੁਮਾਰ ਨੂੰ 17 ਦਸੰਬਰ,2018 ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਉਸ ਤੋਂ ਬਾਅਦ ਫਰਵਰੀ 2025 ਵਿਚ ਸਰਸਵਤੀ ਵਿਹਾਰ ਮਾਮਲੇ ਵਿਚ ਰਾਊਜ ਐਵੇਨਿਊ ਕੋਰਟ ਨੇ ਵੀ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਕੁਝ ਮਾਮਲਿਆਂ ’ਚ ਸੱਜਣ ਕੁਮਾਰ ਬਰੀ ਵੀ ਕੀਤਾ ਗਿਆ ਸੀ। ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਨੇ ਸੱਜਣ ਕੁਮਾਰ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਸੀ।
ਸਰਸਵਤੀ ਵਿਹਾਰ ਇਲਾਕੇ 2 ਸਿੱਖਾਂ (ਪਿਉ-ਪੁੱਤਰ) ਦੀ ਹੱਤਿਆ ਅਤੇ ਘਰ ਸਾੜਨ ਨਾਲ ਸੰਬੰਧਿਤ ਮਾਮਲੇ ’ਚ ਰਾਊਜ਼ ਐਵੇਨਿਊ ਕੋਰਟ ਨੇ 25 ਫਰਵਰੀ,2025 ਨੂੰ ਸੱਜਣ ਕੁਮਾਰ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਮੁਤਾਬਿਕ ਧਾਰਾ 302 ਤੇ 436 ਤਹਿਤ 2 ਉਮਰ ਕੈਦ (ਇੱਕ ਉਮਰ ਕੈਦ ਕਤਲ ਮਾਮਲੇ ’ਚ ਅਤੇ ਦੂਜੀ ਉਮਰ ਕੈਦ ਘਰ ਸਾੜਨ ਦੇ ਮਾਮਲੇ ’ਚ ) , ਇਸ ਤੋਂ ਇਲਾਵਾ ਧਾਰਾ 308 ਤਹਿਤ 7 ਸਾਲ, ਧਾਰਾ 395 ਤਹਿਤ 10 ਸਾਲ, ਧਾਰਾ 397 ਤਹਿਤ 7 ਸਾਲ, ਧਾਰਾ 440 ਤਹਿਤ 5 ਸਾਲ, ਧਾਰਾ 148 ਤਹਿਤ 3 ਸਾਲ, ਧਾਰਾ 147 ਤੇ 427 ਤਹਿਤ 2-2 ਸਾਲ ਅਤੇ ਧਾਰਾ 323 ਤਹਿਤ 1 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਵੱਖ-ਵੱਖ ਧਾਰਾਵਾਂ ਤਹਿਤ ਸਜ਼ਾ ਦੇ ਨਾਲ ਹੀ ਜੁਰਮਾਨਾ ਵੀ ਲਾਇਆ ਗਿਆ ਸੀ। ਇਸ ਤੋਂ ਪਹਿਲਾਂ ਕਤਲੇਆਮ ਦੇ ਹੀ ਇੱਕ ਹੋਰ ਮਾਮਲੇ ’ਚ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ 17 ਦਸੰਬਰ, 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਹ ਮਾਮਲਾ ਪਾਲਮ ਕਾਲੋਨੀ ਨਾਲ ਸੰਬੰਧਿਤ ਸੀ,ਜਿੱਥੇ 5 ਸਿੱਖਾਂ ਦੀ ਹੱਤਿਆ ਅਤੇ ਗੁਰਦੁਆਰੇ ਨੂੰ ਸਾੜ ਦਿੱਤਾ ਗਿਆ ਸੀ।
ਸੱਜਣ ਖ਼ਿਲਾਫ਼ ‘ਬੇਟੀ ਦੀ ਗਵਾਹੀ’ ਨੂੰ ਅਦਾਲਤ ਨੇ ਮੰਨਿਆ ਸੀ ‘ਅਹਿਮ’
25 ਫਰਵਰੀ,2025 ਨੂੰ ਸਰਸਵਤੀ ਵਿਹਾਰ ਇਲਾਕੇ ਨਾਲ ਜੁੜੇ ਮਾਮਲੇ ’ਚ ਜੱਜ ਕਾਵੇਰੀ ਬਾਵੇਜਾ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਲਿਖਿਆ ਹੈ ਕਿ ਇਸ ਘਟਨਾ ਦੇ ਸਮੇਂ ਯਾਨੀ 1 ਨਵੰਬਰ,1984 ਨੂੰ  ਗਵਾਹ ਨੰਬਰ 11 ਦੀ ਉਮਰ ਕਰੀਬ 14 ਸਾਲ ਸੀ ਅਤੇ ਉਹ 10ਵੀਂ ਜਮਾਤ ਦੀ ਵਿਦਿਆਰਥਣ ਸੀ । ਇਹ ਗਵਾਹ ਮ੍ਰਿਤਕ ਜਸਵੰਤ ਸਿੰਘ ਦੀ ਬੇਟੀ ਹੀ ਸੀ। ਅਦਾਲਤ ਨੇ ਮੰਨਿਆ ਕਿ ਇਸ ਉਮਰ ਦੀ ਬੱਚੀ ਅਜਿਹੀ (ਕਤਲ) ਘਟਨਾ ਨੂੰ ਕਦੀ ਨਹੀਂ ਭੁੱਲ ਸਕਦੀ ਅਤੇ ਇਸ ਲਈ ਅਦਾਲਤ ਨੇ ਇਸ ਗਵਾਹੀ ਨੂੰ ਸਵੀਕਾਰ ਕੀਤਾ ਸੀ । ਇਸ ਮਾਮਲੇ ’ਚ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਨੂੰ ਭੀੜ ਨੇ ਜ਼ਿੰਦਾ ਸਾੜ ਦਿੱਤਾ ਸੀ ਅਤੇ ਦੋਸ਼ ਸੀ ਕਿ ਇਸ ਭੀੜ ਨੂੰ ਸੱਜਣ ਕੁਮਾਰ ਨੇ ਉਕਸਾਇਆ ਸੀ।
ਸੱਜਣ ਨੇ ਚਸ਼ਮਦੀਦਾਂ ਦੇ ਬਿਆਨਾਂ ’ਚੋਂ ਆਪਣਾ ਨਾਂਅ ਹਟਵਾਉਣ ਦੀ ਰਚੀ ਸੀ ਸਾਜਿਸ਼
ਸਾਲ 2005 ਤੋਂ ਪਹਿਲਾਂ ਦਿੱਲੀ ਪੁਲਿਸ ਨੇ 1984 ਕਤਲੇਆਮ ਵਿਚ ਸੱਜਣ ਦੀ ਭੂਮਿਕਾ ਦੀ ਜਾਂਚ ਕੀਤੀ ਸੀ ।ਬਾਅਦ ਵਿਚ ਨਾਨਾਵਤੀ ਕਮਿਸ਼ਨ ਦੀ ਸਿਫ਼ਾਰਸ਼ ਦੇ ਆਧਾਰ ’ਤੇ ਮਾਮਲਾ ਸੀ.ਬੀ.ਆਈ. ਨੂੰ ਸੌਂਪ ਦਿੱਤਾ ਗਿਆ। ਸੀ.ਬੀ.ਆਈ. ਨੇ ਪਾਇਆ ਕਿ ਸੱਜਣ ਕੁਮਾਰ ਨੇ ਚਸ਼ਮਦੀਦਾਂ ਦੇ ਬਿਆਨਾਂ ’ਚੋਂ ਆਪਣਾ ਨਾਂਅ ਹਟਵਾਉਣ ਦੇ ਲਈ ਪੁਲਿਸ ਨਾਲ ਰਲ ਕੇ ਸਾਜਿਸ਼ ਰਚੀ ਸੀ। ਪੀਪਲਜ਼ ਯੂਨੀਅਨ ਫ਼ਾਰ ਡੈਮੋਕਰੈਟਿਕ ਰਾਈਟਸ (ਪੀ.ਯੂ.ਡੀ.ਆਰ.) ਅਤੇ ਪੀਪਲਜ਼ ਯੂਨੀਅਨ ਫ਼ਾਰ ਸਿਵਿਲ ਲਿਬਰਟੀਜ਼ (ਪੀ.ਯੂ.ਸੀ.ਐਲ.) ਦੀ 1984 ਦੀ ਇੱਕ ਤੱਥ-ਜਾਂਚ ਰਿਪੋਰਟ ਵਿਚ ਸੱਜਣ ਨੂੰ ਮੁੱਖ ਉਕਸਾਉਣ ਵਾਲਾ ਕਰਾਰ ਦਿੱਤਾ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਸੱਜਣ ਨੇ ਪੀੜਤਾਂ ਦੀ ਮਦਦ ਦੀ ਕੋਸ਼ਿਸ਼ ਕੀਤੀ ਸੀ ਪਰ ਪੀੜਤਾਂ ਨੇ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਕਤਲੇਆਮ ’ਚ ਨਾਂਅ ਜੁੜਨ ਤੋਂ ਬਾਅਦ ਅਰਸ਼ ਤੋਂ ਫ਼ਰਸ਼ ’ਤੇ ਡਿੱਗਾ ਸੱਜਣ ਕੁਮਾਰ 
ਕਿਸੇ ਵੇਲੇ ਦਿੱਲੀ ਦੀ ਰਾਜਨੀਤੀ ’ਚ ਸੱਜਣ ਕੁਮਾਰ ਦੀ ਤੂਤੀ ਬੋਲਦੀ ਸੀ ਅਤੇ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਦੇ ਬੇਹੱਦ ਕਰੀਬੀਆਂ ’ਚ ਮੰਨਿਆ ਜਾਂਦਾ ਸੀ, ਪਰ 1984 ਸਿੱਖ ਕਤਲੇਆਮ ਦੇ ਮਾਮਲਿਆਂ ’ਚ ਨਾਂਅ ਜੁੜਨ ਤੋਂ ਬਾਅਦ ਕਈ ਵਾਰੀ ਲੋਕ ਸਭਾ ਟਿਕਟ ਕੱਟੀ ਗਈ ਅਤੇ ਸੱਜਣ ਦੀ ਸਿਆਸਤ ਅਰਸ਼ ਤੋਂ ਫ਼ਰਸ਼ ’ਤੇ ਆ ਗਈ। ਸਾਲ 2009 ਵਿਚ ਕਾਂਗਰਸ ਨੇ ਮੁੜ ਤੋਂ ਸੱਜਣ ਨੂੰ ਬਾਹਰੀ ਦਿੱਲੀ ਤੋਂ ਉਮੀਦਵਾਰ ਬਣਾਇਆ ਸੀ, ਪਰ ਉਸ ਸਮੇਂ ਸਿੱਖ ਪੱਤਰਕਾਰ ਜਰਨੈਲ ਸਿੰਘ ਵਲੋਂ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਤਤਕਾਲੀ ਗ੍ਰਹਿ ਮੰਤਰੀ ਪੀ. ਚਿਦੰਬਰਮ ’ਤੇ ਜੁੱਤੀ ਸੁੱਟਣ ਦੀ ਘਟਨਾ ਤੋਂ ਬਾਅਦ 1984 ਸਿੱਖ ਕਤਲੇਆਮ ਦਾ ਮਾਮਲਾ ਸੁਰਖ਼ੀਆਂ ’ਚ ਆ ਗਿਆ ਤੇ ਫਿਰ ਕਾਂਗਰਸ ਨੇ ਸੱਜਣ ਦੀ ਟਿਕਟ ਕੱਟ ਦਿੱਤੀ। ਫਿਰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੱਜਣ ਦੀ ਰਾਜਨੀਤੀ ਫ਼ਰਸ਼ ਵੱਲ ਡਿਗਦੀ ਚਲੀ ਗਈ।

ਪਿਛਲੀ ਖ਼ਬਰ ਕਾਂਗਰਸ ਦਾ ਵੰਦੇ ਮਾਤਰਮ ਦੇ 2 ਪੈਰਿਆਂ ’ਤੇ ਕਾਇਮ ਰਹਿਣ ਦਾ ਫ਼ੈਸਲਾ ‘ਤੁਸ਼ਟੀਕਰਨ’-ਅਮਿਤ ਸ਼ਾਹ ਅਗਲੀ ਖ਼ਬਰ ‘ ਕੌਮੀ ਇਨਸਾਫ਼ ਮੋਰਚੇ ’ ਦੇ ਸੱਦੇ ’ ਤੇ ਅੱਜ ਰਹੇਗਾ ਪੰਜਾਬ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।