22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ ਪੈਲੇਟ ਗੰਨ ਦੀ ਵਰਤੋਂ ਕਰਨ ਵਾਲਿਆਂ ’ਤੇ ਕੇਸ ਦਰਜ

ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪੈਲੇਟ ਗੰਨ ਦੀ ਵਰਤੋਂ ਕਰਨ ਵਾਲਿਆਂ ’ਤੇ ਕੇਸ ਦਰਜ ਕਰਨ ਦੀ ਮੰਗ ਦੇ ਮਾਮਲੇ ’ਤੇ ਅੱਜ ਦਿੱਲੀ ਪੁਲਿਸ ਨੇ ਅਣਪਛਾਤਿਆਂ ...

ਅਜੀਤ ਡੈਸਕ 22-08-2026

ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪੈਲੇਟ ਗੰਨ ਦੀ ਵਰਤੋਂ ਕਰਨ ਵਾਲਿਆਂ ’ਤੇ ਕੇਸ ਦਰਜ ਕਰਨ ਦੀ ਮੰਗ ਦੇ ਮਾਮਲੇ ’ਤੇ ਅੱਜ ਦਿੱਲੀ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਪੈਲੇਟ ਗੰਨ ਦੇ ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਸਾਹਿਲ ਲੋਹਚਬ ਨਾਲ ਸੰਸਦ ਮਾਰਗ ਪੁਲਿਸ ਸਟੇਸ਼ਨ ਪਹੁੰਚੇ ਸਨ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਵਿਚ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇ। ਜਦੋਂ ਪੁਲਿਸ ਨੇ ਕੇਸ ਦਰਜ ਕਰਨ ਤੋਂ ਇਨਕਾਰ ਕੀਤਾ ਤਾਂ ਉਹ ਉੱਥੇ ਹੀ ਧਰਨੇ ’ਤੇ ਬੈਠ ਗਏ ਅਤੇ ਕਰੀਬ ਛੇ ਘੰਟੇ ਧਰਨੇ ’ਤੇ ਬੈਠੇ ਰਹੇ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਸੁਪਰੀਮ ਕੋਰਟ ਨੇ ਵਿਦਿਆਰਥੀ ਰੋਸ ਪ੍ਰਦਰਸ਼ਨਾਂ ਦੌਰਾਨ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਤਾਕਤ ਦੀ ਜ਼ਿਆਦਾ ਵਰਤੋਂ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਇਕ ਉੱਚ-ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ ਪਰ ਰਾਹੁਲ ਗਾਂਧੀ ਆਪਣੀ ਮੰਗ ’ਤੇ ਅੜੇ ਰਹੇ ਜਿਸ ਤੋਂ ਬਾਅਦ ਪੁਲਿਸ ਨੂੰ ਕੇਸ ਦਰਜ ਕਰਨਾ ਪਿਆ ਅਤੇ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਧਰਨਾ ਸਮਾਪਤ ਕਰ ਦਿੱਤਾ। ਦਿੱਲੀ ਪੁਲਿਸ ਵਲੋਂ ਐਫ਼.ਆਈ.ਆਰ. ਦਰਜ ਕੀਤੇ ਜਾਣ ਦੇ ਤੁਰੰਤ ਬਾਅਦ ਰਾਹੁਲ ਨੇ ਕਿਹਾ ਕਿ ਇਹ ਨਿਆ ਦੀ ਦਿਸ਼ਾ ’ਚ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਸਰੀਰ ਦੇ ਪੈਲੇਟ ਗੰਨ ਦੇ ਛਰ੍ਹੇ ਲੱਗੇ ਹਨ, ਉਸ ਨੂੰ ਵਿਖਾਈ ਵੀ ਨਹੀਂ ਦੇ ਰਿਹਾ, ਕਿਉਂਕਿ ਅੱਖ ’ਚ ਸੱਟ ਲੱਗੀ ਹੈ। ਇਸ ਨੌਜਵਾਨ ਨਾਲ ਅਨਿਆ ਹੋਇਆ ਹੈ ਤੇ ਲਗਭਗ ਇਕ ਮਹੀਨੇ ਤੋਂ ਉਹ ਐਫ.ਆਈ.ਆਰ. ਦਰਜ ਕਰਵਾਉਣ ਦੀ ਮੰਗ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਘੰਟਿਆਂਬੱਧੀ ਵਿਰੋਧ-ਪ੍ਰਦਰਸ਼ਨ ਬਾਅਦ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਨਿਆਂ ਪਾਉਣ ਦੀ ਕੋਸ਼ਿਸ਼ ’ਚ ਦੇਸ਼ ਦੇ ਲੋਕਾਂ ਨੂੰ ਕਿੰਨੀ ਤਕਲੀਫ਼ ਉਠਾਉਣੀ ਪੈਂਦੀ ਹੈ।
ਸੰਸਦ ਮਾਰਗ ਥਾਣੇ ਦੇ ਬਾਹਰ ਧਰਨੇ ’ਤੇ ਬੈਠੇ ਰਾਹੁਲ ਗਾਂਧੀ ਦੇ ਨਾਲ ਪ੍ਰਿਅੰਕਾ ਗਾਂਧੀ, ਅਧੀਰ ਰੰਜਨ ਚੌਧਰੀ, ਸਲਮਾਨ ਖੁਰਸ਼ੀਦ, ਜੈਰਾਮ ਰਮੇਸ਼ ਸਮੇਤ ਸੀਨੀਅਰ ਕਾਂਗਰਸ ਨੇਤਾਵਾਂ ਤੋਂ ਇਲਾਵਾ ਪੈਲੇਟ ਗਨ ਤੋਂ ਪੀੜਤ ਸਾਹਿਲ ਅਤੇ ਉਸ ਦੀ ਮਾਂ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਸੰਸਦ ਮਾਰਚ ਦੌਰਾਨ ਪ੍ਰਦਰਸ਼ਨ ਕਰ ਰਹੇ ਸਾਹਿਲ ਪੈਲੇਟ ਗਨ ਨਾਲ ਜ਼ਖ਼ਮੀ ਹੋਏ ਸਨ। ਰਾਹੁਲ ਗਾਂਧੀ ਨੇ ਪੀੜਤ ਸਾਹਿਲ ਨੂੰ ਲਗੇ ਪੈਲੇਟ ਗਨ ਦੇ ਛਰੇ ਵਿਖਾਉਂਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਪੈਲੇਟ ਗਨ ਨਹੀਂ ਚਲਾਈ ਤਾਂ ਕਿਸ ਨੇ ਚਲਾਈ ਹੈ। 14 ਅਗਸਤ ਨੂੰ ਉਨ੍ਹਾਂ ਦਿੱਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਸ਼ਿਕਾਇਤ ਦੀ ਕਾਪੀ ਨਹੀਂ ਮਿਲੀ। 17 ਅਗਸਤ ਨੂੰ ਈਮੇਲ ਅਤੇ ਫ਼ੋਨ ’ਤੇ ਵੀ ਸ਼ਿਕਾਇਤ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਪਰ ਕੁਝ ਨਹੀਂ ਹੋਇਆ। ਦਿੱਲੀ ਪੁਲਿਸ ਹਲਕਿਆਂ ਮੁਤਾਬਿਕ ਸ਼ਿਕਾਇਤ ਪੀੜਤ ਨੇ ਖ਼ੁਦ ਕੀਤੀ ਹੈ। ਪਰ 20 ਜੁਲਾਈ ਨੂੰ ਦਰਜ ਸਾਰੇ ਮਾਮਲਿਆਂ ਦੀ ਜਾਂਚ ਪਹਿਲਾਂ ਤੋਂ ਹੀ ਕ੍ਰਾਈਮ ਬ੍ਰਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਵੀ ਕ੍ਰਾਈਮ ਬ੍ਰਾਂਚ ਨੂੰ ਭੇਜੀ ਜਾਏਗੀ। ਰਾਹੁਲ ਗਾਂਧੀ ਨੇ ਕਿਹਾ ਕਿ ਪੁਲਿਸ ਨੇ ਕਿਹਾ ਹੈ ਕਿ ਉਪਰੋਂ ਆਦੇਸ਼ ਹਨ ਕਿ ਐਫ.ਆਈ.ਆਰ. ਨਹੀਂ ਹੋ ਸਕਦੀ, ਸਾਡੀ ਸਿਰਫ਼ ਇਕ ਹੀ ਮੰਗ ਹੈ ਕਿ ਐਫ.ਆਈ.ਆਰ. ਦਾ ਨੰਬਰ ਅਤੇ ਪੜਤਾਲੀਆ ਅਧਿਕਾਰੀ ਦਾ ਨਾਂਅ ਦੱਸਿਆ ਜਾਏ। ਇਸ ਧਰਨੇ ਦੌਰਾਨ ਕਾਂਗਰਸ ਕਾਰਜਕਰਤਾਵਾਂ ਨੇ ਥਾਣੇ ਤੋਂ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬਰਖ਼ਾਸਤਗੀ ਦੀ ਮੰਗ ਕਰਦਿਆਂ ਵੀ ਨਾਅਰੇਬਾਜ਼ੀ ਕੀਤੀ। ਕਾਰਕੁੰਨਾਂ ਨੇ ਪ੍ਰਦਰਸ਼ਨ ਦਾ ਇਕ ਨਿਵੇਕਲਾ ਤਰੀਕਾ ਵੀ ਅਪਣਾਇਆ, ਉਹ ਚਰਖੇ ਦੇ ਨਾਲ ਸੂਤ ਕੱਤਦੇ ਨਜ਼ਰ ਆਏ। ਕਾਂਗਰਸ ਦੇ ਪ੍ਰਦਰਸ਼ਨ ਦੇ ਕਾਰਨ ਸੰਸਦ ਮਾਰਗ ਥਾਣੇ ਦੀ ਸੁਰੱਖਿਆ ਵੀ ਵਧਾਈ ਗਈ ਅਤੇ ਉਥੇ ਰੈਪਿਡ ਐਕਸ਼ਨ ਫੋਰਸ ਦੀ ਵਾਧੂ ਤਾਇਨਾਤੀ ਕੀਤੀ ਗਈ।

ਪਿਛਲੀ ਖ਼ਬਰ ਇਸਰੋ ਦੇ ਸਾਬਕਾ ਮੁਖੀ ਸੋਮਨਾਥ ਦੀ ਆਰ.ਬੀ.ਆਈ. ਬੋਰਡ ’ਚ ਨਿਯੁਕਤੀ ਅਗਲੀ ਖ਼ਬਰ ‘ਪੰਜਾਬ ਬੰਦ’ ਲਈ ਸਹਿਯੋਗ ਦੇਣ ਵਾਲੇ ਸੂਬਾ ਵਾਸੀਆਂ ਦਾ ਧੰਨਵਾਦ- ਗਿਆਨੀ ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।