11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦਾ ਦਿਹਾਂਤ

ਜਲੰਧਰ, 10 ਸਤੰਬਰ (ਜਤਿੰਦਰ ਪੰਮੀ)–ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦਾ ਵੀਰਵਾਰ ਨੂੰ 93 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਜੇ. ਪੀ. ਨਗਰ ਸਥਿਤ ਘਰ ’ਚ ਸਵੇਰੇ ਤੜਕੇ 5.30 ਵਜੇ ਆਖਰੀ ਸਾਹ ...

ਅਜੀਤ ਡੈਸਕ 11-09-2026

ਸਰਕਾਰੀ ਸਨਮਾਨ ਨਾਲ ਦਿੱਤੀ ਅੰਤਿਮ ਵਿਦਾਈ
ਜਲੰਧਰ, 10 ਸਤੰਬਰ (ਜਤਿੰਦਰ ਪੰਮੀ)–ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦਾ ਵੀਰਵਾਰ ਨੂੰ 93 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਜੇ. ਪੀ. ਨਗਰ ਸਥਿਤ ਘਰ ’ਚ ਸਵੇਰੇ ਤੜਕੇ 5.30 ਵਜੇ ਆਖਰੀ ਸਾਹ ਲਏ। ਬਜ਼ੁਰਗ ਸਿਆਸਤਦਾਨ ਚੂਨੀ ਲਾਲ ਭਗਤ ਦਾ ਇੱਥੇ ਮਾਡਲ ਹਾਊਸ ਬਸਤੀ ਸ਼ੇਖ ਸਥਿਤ ਸ਼ਮਸ਼ਾਨਘਾਟ ਵਿਚ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਰਹੂਮ ਆਗੂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ। ਦੱਸਣਯੋਗ ਹੈ ਕਿ ਚੂਨੀ ਲਾਲ ਭਗਤ ਦਾ ਜਨਮ 1 ਦਸੰਬਰ, 1932 ਨੂੰ ਪਿਤਾ ਮਹਿੰਗਾ ਰਾਮ ਤੇ ਮਾਤਾ ਰੁਕਮਨੀ ਦੇਵੀ ਦੇ ਘਰ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਨੇ 10ਵੀਂ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਹੋਈ ਸੀ।

ਉਨ੍ਹਾਂ ਦਾ ਵਿਆਹ ਸ਼ੀਲਾ ਦੇਵੀ ਨਾਲ ਹੋਇਆ ਅਤੇ ਉਨ੍ਹਾਂ ਦੇ ਚਾਰ ਪੁੱਤਰ ਤੇ ਚਾਰ ਧੀਆਂ ਹਨ, ਜਿਨ੍ਹਾਂ ਵਿਚੋਂ ਮੋਹਿੰਦਰ ਭਗਤ ਇਸ ਵੇਲੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਚੂਨੀ ਲਾਲ ਭਗਤ ਨੇ ਆਪਣਾ ਸਿਆਸੀ ਸਫਰ ਜਲੰਧਰ ਦੱਖਣੀ ਹਲਕੇ ਤੋਂ 1985 ਵਿਚ ਸ਼ੁਰੂ ਕੀਤਾ ਸੀ, ਜਦੋਂ ਉਨ੍ਹਾਂ ਨੇ ਆਜ਼ਾਦ ਤੌਰ ’ਤੇ ਵਿਧਾਨ ਸਭਾ ਦੀ ਚੋਣ ਲੜੀ ਸੀ ਹਾਲਾਂਕਿ ਇਸ ਚੋਣ ਵਿਚ ਉਹ ਹਾਰ ਗਏ ਸਨ। ਇਸ ਉਪਰੰਤ ਉਨ੍ਹਾਂ ਨੇ 1997 ਵਿਚ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਇਸੇ ਹਲਕੇ ਤੋਂ ਫਿਰ ਚੋਣ ਲੜੀ ਅਤੇ ਜਿੱਤ ਦਰਜ ਕਰਕੇ ਵਿਧਾਇਕ ਬਣੇ ਜਦੋਂਕਿ 2002 ਦੀਆਂ ਚੋਣਾਂ ਵਿਚ ਉਹ ਕਾਂਗਰਸ ਦੇ ਮਹਿੰਦਰ ਸਿੰਘ ਕੇ.ਪੀ ਤੋਂ ਹਾਰ ਗਏ। 2007 ਵਿਚ ਉਨ੍ਹਾਂ ਨੇ ਫਿਰ ਚੋਣ ਜਿੱਤ ਲਈ ਅਤੇ 2011 ਵਿਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਗਿਆ।

2012 ਦੀਆਂ ਚੋਣਾਂ ਵਿਚ ਚੂਨੀ ਲਾਲ ਭਗਤ ਨੇ ਦੱਖਣੀ ਤੋਂ ਪੱਛਮੀ ਹਲਕੇ ’ਚ ਬਦਲੇ ਵਿਧਾਨ ਸਭਾ ਹਲਕੇ ਤੋਂ ਮੁੜ ਜਿੱਤ ਦਰਜ ਕੀਤੀ ਅਤੇ ਬਾਦਲ ਸਰਕਾਰ ਦੌਰਾਨ ਉਹ ਕੈਬਨਿਟ ਮੰਤਰੀ ਰਹੇ, ਜਿਸ ਦੌਰਾਨ ਉਨ੍ਹਾਂ ਨੇ ਮੈਡੀਕਲ ਸਿੱਖਿਆ ਤੇ ਖੋਜ, ਸਥਾਨਕ ਸਰਕਾਰਾਂ ਤੇ ਜੰਗਲਾਤ ਮੰਤਰੀ ਵਜੋਂ ਸੇਵਾਵਾਂ ਦਿੱਤੀਆਂ। ਪਰਿਵਾਰਕ ਸੂਤਰਾਂ ਮੁਤਾਬਿਕ ਮਰਹੂਮ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦੀ ਅੰਤਿਮ ਅਰਦਾਸ 20 ਸਤੰਬਰ ਨੂੰ ਹੋਵੇਗੀ।

ਮੁੱਖ ਮੰਤਰੀ ਤੇ ਹੋਰ ਆਗੂਆਂ ਵਲੋਂ ਦੁੱਖ ਪ੍ਰਗਟ 
ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦੇ ਦਿਹਾਂਤ ’ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੂਨੀ ਲਾਲ ਭਗਤ ਦੇ ਅਕਾਲ ਚਲਾਣੇ ਨਾਲ ਸਿਆਸੀ ਖੇਤਰ ’ਚ ਇਕ ਵੱਡਾ ਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਚੂਨੀ ਲਾਲ ਭਗਤ ਬਹੁਤ ਹੀ ਪ੍ਰਤਿਭਾਸ਼ਾਲੀ, ਸਮਰਪਿਤ, ਨਿਮਰ, ਸੁਲਝੇ ਹੋਏ ਅਤੇ ਯੋਗ ਸਿਆਸਤਦਾਨ ਸਨ। ਉਨ੍ਹਾਂ ਦਾ ਜੀਵਨ ਭਰ ਦਾ ਕਾਰਜ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੂਨੀ ਲਾਲ ਭਗਤ ਵਲੋਂ ਜਲੰਧਰ ਖੇਤਰ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਜਨਤਾ ਵਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਜਨਤਕ ਕਾਰਜਾਂ ਤੇ ਸਾਫ਼-ਸੁਥਰੀ ਰਾਜਨੀਤੀ ਤੋਂ ਹਮੇਸ਼ਾ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਚੂਨੀ ਲਾਲ ਭਗਤ ਨੇ ਕਰੀਬ ਪੰਜ ਦਹਾਕਿਆਂ ਦੌਰਾਨ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਪੰਜਾਬ ਦੀ ਨਿਰਸਵਾਰਥ ਸੇਵਾ ਕੀਤੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ ਅਤੇ ਮੇਰਾ ਬਹੁਤ ਹੀ ਚੰਗਾ ਦੋਸਤ ਸਦਾ ਲਈ ਵਿਛੜ ਗਿਆ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ, ਹਰਜੋਤ ਸਿੰਘ ਬੈਂਸ, ਅਮਨ ਅਰੋੜਾ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈ. ਟੀ. ਓ., ਡਾ. ਬਲਜੀਤ ਕੌਰ, ਗੁਰਮੀਤ ਸਿੰਘ ਖੁੱਡੀਆਂ, ਬਰਿੰਦਰ ਕੁਮਾਰ ਗੋਇਲ, ਹਰਦੀਪ ਸਿੰਘ ਮੁੰਡੀਆਂ ਅਤੇ ਤਰੁਣਪ੍ਰੀਤ ਸਿੰਘ ਸੌਂਦ ਚੂਨੀ ਲਾਲ ਭਗਤ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਅਤੇ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਸਦੀਵੀ ਸ਼ਾਂਤੀ ਦੇਣ ਤੇ ਪਰਿਵਾਰ ਨੂੰ ਕਦੇ ਨਾ ਪੂਰੇ ਹੋਣ ਵਾਲੇ ਇਸ ਘਾਟੇ ਨੂੰ ਸਹਿਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ
ਪਿਛਲੀ ਖ਼ਬਰ ਬਲੋਚਿਸਤਾਨ ਨੂੰ ਪਾਕਿ ਤੋਂ ਵੱਖਰੇ ਤੌਰ ’ਤੇ ਵੇਖਿਆ ਜਾਵੇ-ਬਲੋਚ ਆਗੂ ਅਗਲੀ ਖ਼ਬਰ ਤੂਰ ਬੰਜਾਰਾ ’ਚ ਦਲਿਤ ਪਰਿਵਾਰ ਦੇ ਦੁੱਖ ’ਤੇ ਸਿਆਸੀ ਪਾਰਟੀਆਂ ਦੀ ਸਿਆਸਤ ਨੂੰ ਪਿੰਡ ਵਾਸੀਆਂ ਨੇ ਕੀਤਾ ਰੱਦ-ਸਿਸੋਦੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।