‘ਕੇਂਦਰ ਦੇ ਵਕੀਲ ਨੇ ਮਾਮਲੇ ਦੀ ਡੂੰਘਾਈ ਨਾਲ ਤਿਆਰੀ ਲਈ ਮੰਗਿਆ ਸੀ ਹੋਰ ਸਮਾਂ’
ਨਵੀਂ ਦਿੱਲੀ, 28 ਅਕਤੂਬਰ (ਜਗਤਾਰ ਸਿੰਘ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ’ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ 18 ਨਵੰਬਰ 2026 ਤੱਕ ਲਈ ਮੁਲਤਵੀ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਵਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਿਟਰ ਜਨਰਲ ਨੇ ਅਦਾਲਤ ਤੋਂ ਮਾਮਲੇ ‘ਤੇ ਬਹਿਸ ਕਰਨ ਲਈ ਹੋਰ ਸਮਾਂ ਮੰਗਿਆ। ਇਸ ’ਤੇ ਸੁਪਰੀਮ ਕੋਰਟ ਨੇ ਅਗਲੇ ਦਿਨ ਸੁਣਵਾਈ ਕਰਨ ਦੀ ਗੱਲ ਆਖੀ ਤਾਂ ਕੇਂਦਰ ਦੇ ਵਕੀਲ ਨੇ ਮੁੜ ਬੇਨਤੀ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਤਿਆਰੀ ਲਈ ਜ਼ਿਆਦਾ ਸਮੇਂ ਦੀ ਲੋੜ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਣਵਾਈ 18 ਨਵੰਬਰ ਤੱਕ ਮੁਲਤਵੀ ਕਰ ਦਿੱਤੀ। ਦੱਸਣਯੋਗ ਹੈ ਕਿ ਭਾਈ ਰਾਜੋਆਣਾ ਦੀ ਪਟੀਸ਼ਨ ’ਚ ਦਲੀਲ ਦਿੱਤੀ ਗਈ ਹੈ ਕਿ ਉਸ ਦੀ ਰਹਿਮ ਦੀ ਅਪੀਲ ਸਾਲ 2012 ਤੋਂ ਕੇਂਦਰ ਸਰਕਾਰ ਤੇ ਰਾਸ਼ਟਰਪਤੀ ਕੋਲ ਬਕਾਇਆ ਪਈ ਹੈ। ਇੰਨੇ ਲੰਬੇ ਸਮੇਂ ਤੱਕ ਫ਼ੈਸਲਾ ਨਾ ਲਏ ਜਾਣ ਨੂੰ ਆਧਾਰ ਬਣਾ ਕੇ ਉਸ ਨੇ ਆਪਣੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਮੰਗ ਕੀਤੀ ਹੈ। ਇਹ ਰਹਿਮ ਪਟੀਸ਼ਨ ਸਾਲ 2012 ’ਚ ਐੱਸ.ਜੀ.ਪੀ.ਸੀ. ਵਲੋਂ ਦਾਇਰ ਕੀਤੀ ਗਈ ਸੀ। ਦੱਸਣਯੋਗ ਹੈ ਕਿ ਭਾਈ ਰਾਜੋਆਣਾ ਪਿਛਲੇ 28-29 ਸਾਲਾਂ ਤੋਂ ਜੇਲ੍ਹ ’ਚ ਬੰਦ ਹਨ। ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ ਪਟੀਸ਼ਨ ‘ਤੇ ਫ਼ੈਸਲਾ ਲੈਣ ਲਈ ਕਿਹਾ ਸੀ, ਪਰ ਕੇਂਦਰ ਨੇ ਕਾਨੂੰਨ ਵਿਵਸਥਾ ਤੇ ਸੁਰੱਖਿਆ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਫ਼ੈਸਲਾ ਟਾਲੀ ਰੱਖਿਆ ਸੀ।