29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮੁੱਖ ਸਕੱਤਰ, ਡੀ.ਜੀ.ਪੀ. ਤੋਂ 2 ਹਫ਼ਤਿਆਂ ’ਚ ਮੰਗੀ ਕਾਰਵਾਈ ਰਿਪੋਰਟ

ਮੁੱਖ ਸਕੱਤਰ, ਡੀ.ਜੀ.ਪੀ. ਤੋਂ 2 ਹਫ਼ਤਿਆਂ ’ਚ ਮੰਗੀ ਕਾਰਵਾਈ ਰਿਪੋਰਟ

ਅਜੀਤ ਡੈਸਕ 29-10-2026

ਮਾਨਸਾ, 28 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮੌਤ ਦਾ ਗੰਭੀਰ ਨੋਟਿਸ ਲਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਐਨ.ਐਚ.ਆਰ.ਸੀ. ਨੇ ਪੰਜਾਬ ਦੇ ਮੁੱਖ ਸਕੱਤਰ, ਸੰਯੁਕਤ ਸਕੱਤਰ ਗ੍ਰਹਿ ਮੰਤਰਾਲਾ ਤੇ ਡੀ.ਜੀ.ਪੀ. ਨੂੰ ਜਾਰੀ ਕੀਤੇ ਨੋਟਿਸ ’ਚ ਮਾਮਲੇ ਦੀ ਜਾਂਚ ਕਰਨ ਦੇ ਨਾਲ ਹੀ 2 ਹਫ਼ਤਿਆਂ ਦੇ ਅੰਦਰ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ਿਕਾਇਤਕਰਤਾ ਹਰਮਨਦੀਪ ਸਿੰਘ ਮਹਿਤਾ ਨੇ ਕਮਿਸ਼ਨ ਕੋਲ ਸ਼ਿਕਾਇਤ ਕਰਵਾਈ ਸੀ ਕਿ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਸ਼ੱਕੀ ਹਾਲਾਤ ’ਚ ਬਰਾਮਦ ਕੀਤੀ ਗਈ ਸੀ । ਪਰਿਵਾਰ ਨੇ ਮੌਤ ਦੇ ਕਾਰਨਾਂ, ਖ਼ਾਸ ਕਰਕੇ ਸੰਭਾਵੀ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮੁੱਦੇ ਬਾਰੇ ਸਵਾਲ ਉਠਾਏ ਸਨ। ਸ਼ਿਕਾਇਤ ’ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਜਦੋਂ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕ ਨਿਆਂ ਅਤੇ ਜਵਾਬਦੇਹੀ ਦੀ ਮੰਗ ਕਰਦੇ ਹੋਏ ਰਾਮਦਿੱਤੇਵਾਲਾ ਚੌਕ ਮਾਨਸਾ ਕੋਲ ਸ਼ਾਂਤਮਈ ਤਰੀਕੇ ਨਾਲ ਰੋਸ ਜ਼ਾਹਿਰ ਕਰਨ ਆ ਰਹੇ ਸਨ ਤਾਂ ਪੁਲਿਸ ਨੇ ਕਾਫ਼ਲੇ ਨੂੰ ਰੋਕ ਕੇ ਮ੍ਰਿਤਕ ਦੇਹ ਨੂੰ ਜ਼ਬਰਦਸਤੀ ਕਬਜ਼ੇ ’ਚ ਲੈ ਲਿਆ ਅਤੇ ਸਥਿਤੀ ਤਣਾਅਪੂਰਨ ਹੋ ਗਈ। ਸ਼ਿਕਾਇਤ ’ਚ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਤਾਕਤ ਦੀ ਵਰਤੋਂ ਅਤੇ ਕੁਝ ਵਿਅਕਤੀਆਂ ਨੂੰ ਹਿਰਾਸਤ ’ਚ ਲੈਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਕਮਿਸ਼ਨਰ ਦੇ ਮੈਂਬਰ ਪ੍ਰਿਯਾਂਕ ਕਾਨੂੰਨਗੋ ਦੀ ਅਗਵਾਈ ਵਾਲੇ ਬੈਂਚ ਨੇ ਸਾਹਮਣੇ ਆਏ ਤੱਥਾਂ ਨੂੰ ਪਹਿਲੀ ਨਜ਼ਰੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਸੰਕੇਤ ਪਾਇਆ ਹੈ । 
ਮ੍ਰਿਤਕ ਦੇਹ ਦਾ ਪੁਲਿਸ ਨੇ ਕਰਵਾਇਆ ਪੋਸਟਮਾਰਟਮ  
ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਬਜ਼ੇ ’ਚ ਲਈ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਏਮਜ਼ ਬਠਿੰਡਾ ਵਿਖੇ ਭੇਜੀ ਗਈ ਸੀ। ਭਾਵੇਂ ਅਧਿਕਾਰੀ ਮ੍ਰਿਤਕ ਦੇਹ ਬਾਰੇ ਜਾਣਕਾਰੀ ਦੇਣ ਤੋਂ ਟਾਲ਼ਾ ਵੱਟ ਰਹੇ ਹਨ ਪਰ ‘ਅਜੀਤ’ ਨੂੰ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਅੱਜ ਸ਼ਾਮ ਵੇਲੇ ਪੁਲਿਸ ਵਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਹੈ। ਇਸ ਮੌਕੇ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਵੀ ਹਾਜ਼ਰ ਸਨ। ਉਸ ਦੀ ਲਾਸ਼ ਏਮਜ਼ ਹਸਪਤਾਲ ਬਠਿੰਡਾ ਦੇ ਮੁਰਦਾਘਰ ’ਚ ਰੱਖੀ ਗਈ ਹੈ। ਸੰਭਾਵਨਾ ਹੈ ਕਿ ਕੱਲ੍ਹ ਨੂੰ ਉਸ ਦਾ ਸਸਕਾਰ ਕੀਤਾ ਜਾਵੇਗਾ। ਉੱਧਰ ਦੂਸਰੇ ਪਾਸੇ ਰਾਮਦਿੱਤੇਵਾਲਾ ਚੌਕ ’ਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ’ਚ ਹੋਈ ਝੜਪ ਦੇ ਮਾਮਲੇ ’ਚ 25 ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ ਹੋਇਆ ਹੈ। ਇਸ ਦੀ ਪੁਸ਼ਟੀ ਇਕ ਪੁਲਿਸ ਅਧਿਕਾਰੀ ਨੇ ਕੀਤੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪਿੰਡ ਭੰਮੇ ਕਲਾਂ ਵਿਖੇ ਪੀੜਤ ਦੇ ਘਰ ਅਫ਼ਸੋਸ ਕਰਨ ਗਏ। ਉਨ੍ਹਾਂ ਉੱਥੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਦਕਿ ਉਨ੍ਹਾਂ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੂੰ ਤਿੰਨਕੋਨੀ ਨੇੜੇ ਲਗਾਏ ਧਰਨੇ ’ਚ ਮਿਲ ਕੇ ਹਮਦਰਦੀ ਜ਼ਾਹਿਰ ਕੀਤੀ। 

ਪਿਛਲੀ ਖ਼ਬਰ ਰਮੇਸ਼ ਸਿੰਘ ਅਰੋੜਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਕਿ ਆਉਣ ਦਾ ਸੱਦਾ ਅਗਲੀ ਖ਼ਬਰ ਝੋਟਾ ਹੱਤਿਆ ਮਾਮਲਾ-ਲੱਖਾ ਸਿਧਾਣਾ ਸਮੇਤ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਤੱਕ ਸਰਕਾਰ ਨਾਲ ਗੱਲਬਾਤ ਨਹੀਂ-ਐਕਸ਼ਨ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।