30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

‘ਆਪ੍ਰੇਸ਼ਨ ਸੰਧੂਰ’ ਤੋਂ ਡੇਢ ਸਾਲ ਬਾਅਦ ਪਾਕਿ ਪੁੱਜੇ ਸੀਨੀਅਰ ਭਾਰਤੀ ਅਧਿਕਾਰੀ-ਐੱਸ. ਸੀ. ਓ. ਮੀਟਿੰਗ ’ਚ ਹੋਏ ਸ਼ਾਮਿਲ ਦੁਵੱਲੀ ਗੱਲਬਾਤ ਨਹੀਂ, ਸਿਰਫ਼ ਬਹੁ-ਪੱਖੀ ਮੁੱਦਿਆਂ ਤੱਕ ਸੀਮਤ ਭਾਰਤ ਦੀ ਸ਼ਮੂਲੀਅਤ

ਅੰਮ੍ਰਿਤਸਰ, 29 ਸਤੰਬਰ (ਸੁਰਿੰਦਰ ਕੋਛੜ)-‘ਆਪ੍ਰੇਸ਼ਨ ਸੰਧੂਰ’ ਤੋਂ ਕਰੀਬ ਡੇਢ ਸਾਲ ਬਾਅਦ ਭਾਰਤ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ ’ਚ ਸ਼ਾਮਿਲ ਹੋਣ ਲਈ ਆਪਣੇ ਇਕ ਸੀਨੀਅਰ ਡਿਪਲੋਮੈਟ ਨੂੰ ਪਾਕਿਸਤਾਨ ...

ਅਜੀਤ ਡੈਸਕ 30-09-2026

ਅੰਮ੍ਰਿਤਸਰ, 29 ਸਤੰਬਰ (ਸੁਰਿੰਦਰ ਕੋਛੜ)-‘ਆਪ੍ਰੇਸ਼ਨ ਸੰਧੂਰ’ ਤੋਂ ਕਰੀਬ ਡੇਢ ਸਾਲ ਬਾਅਦ ਭਾਰਤ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ ’ਚ ਸ਼ਾਮਿਲ ਹੋਣ ਲਈ ਆਪਣੇ ਇਕ ਸੀਨੀਅਰ ਡਿਪਲੋਮੈਟ ਨੂੰ ਪਾਕਿਸਤਾਨ ਭੇਜਿਆ ਹੈ। ਪਾਕਿ ਦੇ ਐੱਸ. ਸੀ. ਓ. ਕੋਆਰਡੀਨੇਟਰ ਡਾ: ਮੁਹੰਮਦ ਫ਼ੈਜ਼ਲ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਬੈਠਕ ਦਾ ਥੀਮ ‘ਵਿਜ਼ਨ ਨੂੰ ਅਮਲ ’ਚ ਬਦਲਣਾ: ਕਨੈਕਟੀਵਿਟੀ, ਨਵੀਂ ਤਕਨਾਲੋਜੀ ਤੇ ਸਾਂਝੀ ਖ਼ੁਸ਼ਹਾਲੀ’ ਰੱਖਿਆ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਤੇ ਭਾਰਤ ਦੇ ਐੱਸ. ਸੀ. ਓ. ਕੋਆਰਡੀਨੇਟਰ ਆਲੋਕ ਅਮਿਤਾਭ ਡਿਮਰੀ ਇਸਲਾਮਾਬਾਦ ਵਿਖੇ 30 ਸਤੰਬਰ ਬੁੱਧਵਾਰ ਤੱਕ ਚੱਲਣ ਵਾਲੀ ਤਿੰਨ ਰੋਜ਼ਾ ਅਹਿਮ ਬੈਠਕ ’ਚ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਇਸ ਬੈਠਕ ਦੌਰਾਨ ਪਾਕਿ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਐੱਸ. ਸੀ. ਓ. ਪ੍ਰੋਗਰਾਮਾਂ, ਆਉਣ ਵਾਲੀਆਂ ਬੈਠਕਾਂ ਦੀਆਂ ਤਿਆਰੀਆਂ ਅਤੇ ਸੰਗਠਨ ਨਾਲ ਸੰਬੰਧਿਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਕਿ ‘ਚ ਹੋਣ ਵਾਲੇ ਆਗਾਮੀ ਐੱਸ. ਸੀ. ਓ. ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਪੱਤਰ ਭੇਜੇ ਜਾਣ ਦੀ ਵੀ ਚਰਚਾ ਹੈ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਪਾਕਿ ਜਾਣ ਦਾ ਮਕਸਦ ਸਿਰਫ਼ ਐੱਸ. ਸੀ. ਓ. ਸੰਗਠਨ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕਰਨਾ ਹੈ। ਭਾਰਤ ਐੱਸ. ਸੀ. ਓ. ਮੰਚ ’ਤੇ ਸਹਿਯੋਗ ਜਾਰੀ ਰੱਖੇਗਾ, ਪਰ ਦੋਵਾਂ ਮੁਲਕਾਂ ਦਰਮਿਆਨ ਕੋਈ ਵੱਖਰੀ ਦੁਵੱਲੀ ਗੱਲਬਾਤ ਨਹੀਂ ਹੋਵੇਗੀ। ਕੇਂਦਰ ਸਰਕਾਰ ਦਾ ਸਟੈਂਡ ਬਿਲਕੁਲ ਸਪੱਸ਼ਟ ਰਿਹਾ ਹੈ ਕਿ ਕਿਸੇ ਵੀ ਦੁਵੱਲੀ ਗੱਲਬਾਤ ਲਈ ਅੱਤਵਾਦ ਮੁਕਤ ਮਾਹੌਲ ਦਾ ਹੋਣਾ ਲਾਜ਼ਮੀ ਹੈ। ਅਪ੍ਰੈਲ 2025 ’ਚ ਪਹਿਲਗਾਮ ਅੱਤਵਾਦੀ ਹਮਲੇ ਤੇ ਮਈ ’ਚ ਆਪ੍ਰੇਸ਼ਨ ਸੰਧੂਰ ਦੌਰਾਨ ਹੋਏ ਫ਼ੌਜੀ ਟਕਰਾਅ ਤੋਂ ਬਾਅਦ ਭਾਰਤ ਨੇ ਦੁਹਰਾਇਆ ਸੀ ਕਿ ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਕਤੂਬਰ 2024 ‘ਚ ਐੱਸ. ਸੀ. ਓ. ਸਿਖਰ ਸੰਮੇਲਨ ਲਈ ਪਾਕਿ ਗਏ ਸਨ। ਉਸ ਦੌਰਾਨ ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਐੱਸ. ਜੈਸ਼ੰਕਰ ਵਿਚਕਾਰ ਰਸਮੀ ਮੁਲਾਕਾਤ ਹੋਈ ਸੀ। ਉਨ੍ਹਾਂ ਤੋਂ ਪਹਿਲਾਂ ਦਸੰਬਰ 2015 ‘ਚ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿ ਗਏ ਸਨ। ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨ ਸਾਲ 2026-27 ਲਈ ਸ਼ੰਘਾਈ ਸਹਿਯੋਗ ਸੰਗਠਨ ਦੀ ਪ੍ਰਧਾਨਗੀ ਕਰ ਰਿਹਾ ਹੈ।

ਕੌਣ ਹਨ ਆਲੋਕ ਡਿਮਰੀ ? 
ਆਲੋਕ ਅਮਿਤਾਭ ਡਿਮਰੀ ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ਦੇ ਸੀਨੀਅਰ ਕੂਟਨੀਤਕ ਹਨ। ਵਰਤਮਾਨ ’ਚ ਉਹ ਵਿਦੇਸ਼ ਮੰਤਰਾਲੇ ’ਚ ਵਧੀਕ ਸਕੱਤਰ ਹੋਣ ਦੇ ਨਾਲ-ਨਾਲ ਐੱਸ. ਸੀ. ਓ. ਦੇ ਕੌਮੀ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਉਹ ਸਾਲ 2019 ਤੋਂ 2022 ਤੱਕ ਕਿਰਗਿਜ਼ ਗਣਰਾਜ ’ਚ ਭਾਰਤ ਦੇ ਰਾਜਦੂਤ ਤੇ ਬਾਅਦ ਵਿਚ ਬਰੂਨੇਈ ’ਚ ਭਾਰਤ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਹਨ।
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਦੇ ਮਾਮਲੇ ’ਚ ਸੁਪਰੀਮ ਕੋਰਟ ਛੇਤੀ ਸੁਣਵਾਈ ਲਈ ਤਿਆਰ ਅਗਲੀ ਖ਼ਬਰ ਅਮਿਤ ਸ਼ਾਹ ਅੱਜ ਜਲੰਧਰ ’ਚ ‘ਨਸ਼ਾ ਵਿਰੋਧੀ’ ਰੈਲੀ ਨੂੰ ਕਰਨਗੇ ਸੰਬੋਧਨ ਚਾਰ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਦੀ ਹੋਵੇਗੀ ਸਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।