ਨਵੀਂ ਦਿੱਲੀ, 2 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਦੀਵਾਲੀ ਦੇ ਤਿਉਹਾਰੀ ਸੀਜ਼ਨ ਦੌਰਾਨ ਘਰੇਲੂ ਹਵਾਈ ਕਿਰਾਏ ’ਚ ਹੋਏ ਬੇਤਹਾਸ਼ਾ ਵਾਧੇ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਅਪਰੇਸ਼ ਕੁਮਾਰ ਸਿੰਘ ਦੇ ਬੈਂਚ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਸਿੱਧਾ ਜਵਾਬ ਦਿੰਦਿਆਂ ਕਿਹਾ ਕਿ ਹਵਾਈ ਸਫ਼ਰ ਨਾ ਕਰੋ। ਇਹ ਅਰਜ਼ੀ ਸਮਾਜਿਕ ਕਾਰਕੁਨ ਐੱਸ. ਲਕਸ਼ਮੀਨਾਰਾਇਣਨ ਵਲੋਂ ਪਹਿਲਾਂ ਤੋਂ ਦਾਇਰ ਇਕ ਮੁੱਖ ਜਨਹਿਤ ਪਟੀਸ਼ਨ ਦੇ ਹਿੱਸੇ ਵਜੋਂ ਪੇਸ਼ ਕੀਤੀ ਗਈ ਸੀ, ਜਿਸ ’ਚ ਨਿੱਜੀ ਏਅਰਲਾਈਨਾਂ ਦੁਆਰਾ ਲਗਾਏ ਗਏ ਹਵਾਈ ਕਿਰਾਏ ਅਤੇ ਸਹਾਇਕ ਖਰਚਿਆਂ ਵਿਚ ‘ਅਨਿਸਚਿਤ ਉਤਰਾਅ-ਚੜ੍ਹਾਅ’ ਨੂੰ ਕੰਟਰੋਲ ਕਰਨ ਲਈ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕੀਤੀ ਗਈ ਹੈ। ਉਸ ਮਾਮਲੇ ’ਤੇ ਅਗਲੀ ਸੁਣਵਾਈ 16 ਨਵੰਬਰ ਨੂੰ ਹੋਣੀ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੀਵਾਲੀ ਦੌਰਾਨ ਹਵਾਈ ਕਿਰਾਏ ਆਮ ਨਾਲੋਂ 700 ਫ਼ੀਸਦੀ ਤੱਕ ਵਧ ਗਏ ਹਨ। ਉਨ੍ਹਾਂ ਦਲੀਲ ਦਿੱਤੀ ਕਿ ਹਵਾਈ ਯਾਤਰਾ ਹੁਣ ਇਕ ਜ਼ਰੂਰੀ ਸੇਵਾ ਬਣ ਚੁੱਕੀ ਹੈ ਅਤੇ ਇੰਨਾ ਵੱਡਾ ਵਾਧਾ ਸੰਵਿਧਾਨ ਦੀ ਧਾਰਾ 14 (ਸਮਾਨਤਾ ਦਾ ਅਧਿਕਾਰ) ਦੀ ਉਲੰਘਣਾ ਹੈ। ਹਾਲਾਂਕਿ, ਅਦਾਲਤ ਨੇ ਇਸ ਨੂੰ ਤੁਰੰਤ ਸੂਚੀਬੱਧ ਕਰਨ ਤੋਂ ਨਾਂਹ ਕਰ ਦਿੱਤੀ।
ਸੁਪਰੀਮ ਕੋਰਟ ਵਲੋਂ ਘਰੇਲੂ ਹਵਾਈ ਕਿਰਾਏ ’ਚ ਵਾਧੇ ਖ਼ਿਲਾਫ਼ ਤੁਰੰਤ ਸੁਣਵਾਈ ਤੋਂ ਇਨਕਾਰ
ਸੁਪਰੀਮ ਕੋਰਟ ਵਲੋਂ ਘਰੇਲੂ ਹਵਾਈ ਕਿਰਾਏ ’ਚ ਵਾਧੇ ਖ਼ਿਲਾਫ਼ ਤੁਰੰਤ ਸੁਣਵਾਈ ਤੋਂ ਇਨਕਾਰ
ਅਜੀਤ ਡੈਸਕ
03-11-2026