ਗੜ੍ਹਸ਼ੰਕਰ, 15 ਫਰਵਰੀ (ਧਾਲੀਵਾਲ)-ਹਰਸੇਵਾ ਮੈਡੀਕਲ ਟਰੱਸਟ ਯੂ.ਕੇ. ਵਲੋਂ ਐੱਨ.ਆਰ.ਆਈਜ਼, ਗ੍ਰਾਮ ਪੰਚਾਇਤ ਅਤੇ ਮੋਰਾਂਵਾਲੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਵਿਚ ਉਨ੍ਹਾਂ ਦੇ ਨਾਨਕੇ ਪਿੰਡ ਮੋਰਾਂਵਾਲੀ ਵਿਖੇ ਮਾਤਾ ਵਿੱਦਿਆਵਤੀ ਸਰਕਾਰੀ ਹਸਪਤਾਲ ਵਿਖੇ 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਸਾਲਾਨਾ ਮੁਫ਼ਤ ਅੱਖਾਂ, ਕੈਂਸਰ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਕੈਂਪ ਪ੍ਰਬੰਧਕ ਅਵਤਾਰ ਸਿੰਘ ਬਰਾੜ ਨੇ ਵਰਿੰਦਰ ਕੌਰ ਪ੍ਰਧਾਨ ਹਰਸੇਵਾ ਮੈਡੀਕਲ ਟਰੱਸਟ ਯੂ.ਕੇ. ਐੱਨ.ਆਰ.ਆਈ . ਅਵਤਾਰ ਸਿੰਘ ਰਾਏ, ਕਸ਼ਮੀਰ ਸਿੰਘ ਹੀਰ, ਬਲਵੀਰ ਸਿੰਘ ਹੇਅਰ ਤੇ ਹੋਰਾਂ ਦੀ ਹਾਜ਼ਰੀ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਮਾਹਿਰ ਡਾਕਟਰਾਂ ਦੁਆਰਾ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਲਾਜ ਵਾਸਤੇ ਮੁਫ਼ਤ ਲੈਬ ਟੈੱਸਟ ਕੀਤੇ ਜਾਣਗੇ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਕੈਂਸਰ ਸਬੰਧੀ ਹਰ ਤਰ੍ਹਾਂ ਦੀ ਜਾਂਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਦੀ ਟਰੱਸਟ ਵਲੋਂ ਸਾਰਾ ਸਾਲ ਮੁਫ਼ਤ ਜਾਂਚ ਕਰਵਾਈ ਜਾਵੇਗੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਮੁਫ਼ਤ ਦਵਾਈਆਂ ਲਈ ਕੈਂਪ ਵਿਚ ਕਾਰਡ ਬਣਾਏ ਜਾਣਗੇ | ਅ ੱਖਾਂ ਦੇ ਮਰੀਜ਼ਾਂ ਲਈ ਮੁਫ਼ਤ ਐਨਕਾਂ ਅਤੇ ਆਪ੍ਰੇਸ਼ਨਾਂ ਦੀ ਸੁਵਿਧਾ ਹੋਵੇਗੀ | ਕੈਂਪ ਦੌਰਾਨ ਵੱਖ-ਵੱਖ ਲੈਬਜ਼ ਵਲੋਂ ਮੁਫ਼ਤ ਟੈੱਸਟ ਕੀਤੇ ਜਾਣਗੇ | ਵਰਿੰਦਰ ਕੌਰ ਪ੍ਰਧਾਨ ਹਰਸੇਵਾ ਮੈਡੀਕਲ ਟਰੱਸਟ ਯੂ.ਕੇ. ਐੱਨ.ਆਰ.ਆਈ . ਅਵਤਾਰ ਸਿੰਘ ਰਾਏ, ਕਸ਼ਮੀਰ ਸਿੰਘ ਹੀਰ, ਬਲਵੀਰ ਸਿੰਘ ਹੇਅਰ ਤੇ ਹੋਰ ਨੇ ਲੋੜਵੰਦ ਮਰੀਜ਼ਾਂ ਨੂੰ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ |