ਜਲੰਧਰ, 17 ਫਰਵਰੀ (ਅਜੀਤ ਬਿਊਰੋ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਲਈ ਜੋ ਸੰਗ ਪੈਦਲ ਯਾਤਰਾ ਕਰਦਾ ਹੋਇਆ ਇਤਿਹਾਸਕ ਅਸਥਾਨ ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਸੇਵਾ ਸਹੂਲਤਾਂ ਵਾਸਤੇ ਟਾਂਡਾ ਮਿਆਣੀ ਰੋਡ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰ ਸਹੂਲਤ ਲਈ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੱਸਿਆ ਗਿਆ ਕਿ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਬੇਦੀ 16ਵੀਂ ਪੀੜ੍ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਰਬਾਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ 30 ਜਨਵਰੀ ਤੋਂ ਅਖੰਡ ਪਾਠ, ਸਹਿਜ ਪਾਠ ਜੀ ਦੀ ਲੜੀ ਆਰੰਭ ਹੋ ਚੁੱਕੀ ਹੈ, ਇਹ ਲੜੀ ਮਾਰਚ 3 ਤੱਕ ਨਿਰੰਤਰ ਜਾਰੀ ਰਹੇਗੀ | ਉਨ੍ਹਾਂ ਨੇ ਦੱਸਿਆ ਕਿ ਸਾਲਾਨਾ ਸੰਗ ਮੇਲਾ ਪੈਦਲ ਯਾਤਰਾ ਵਿਚ ਹਿੱਸਾ ਲੈਣ ਵਾਲੀਆਂ ਸੰਗਤਾਂ ਦੀ ਸਹੂਲਤ ਜਿਵੇਂ-ਰਹਿਣ ਦਾ ਪ੍ਰਬੰਧ, ਲੰਗਰਾਂ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਸੁਚੱਜੇ ਰੂਪ ਵਿਚ ਕੀਤਾ ਜਾਵੇਗਾ ਤਾਂ ਜੋ ਡੇਰਾ ਬਾਬਾ ਨਾਨਕ ਆਉਣ-ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਸਮੇਂ ਪ੍ਰਧਾਨ ਨਾਜਰ ਸਿੰਘ ਸਾਹਿਬਾਜ਼ਪੁਰਾ, ਲਖਬੀਰ ਸਿੰਘ, ਸਵਰਨ ਸਿੰਘ, ਗੁਰਮੀਤ ਸਿੰਘ ਸਾਬਕਾ ਸਰਪੰਚ, ਕੁਲਵੰਤ ਬੀਰ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ, ਬਲਜੀਤ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ |