ਗੜ੍ਹਸ਼ੰਕਰ, 28 ਫਰਵਰੀ (ਧਾਲੀਵਾਲ)-ਗੜ੍ਹਸ਼ੰਕਰ 'ਚ ਟ੍ਰੈਫਿਕ ਮੁਲਾਜ਼ਮਾਂ ਦੀ ਚਲੀ ਆ ਰਹੀ ਵੱਡੀ ਘਾਟ ਕਾਰਨ ਸ਼ਹਿਰ 'ਚ ਤਾਇਨਾਤ ਚੰਦ ਕੁ ਟ੍ਰੈਫਿਕ ਮੁਲਾਜ਼ਮਾਂ ਵਲੋਂ ਟ੍ਰੈਫਿਕ ਦੀ ਸਮੱਸਿਆ 'ਤੇ ਕਾਬੂ ਪਾਉਣਾ ਬੇਹੱਦ ਮੁਸ਼ਕਿਲ ਬਣਿਆ ਹੋਇਆ ਹੈ ਤੇ ਸ਼ਹਿਰ 'ਚ ਟ੍ਰੈਫਿਕ ਜਾਮ ਲੱਗਣ ਕਾਰਨ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ | ਖ਼ਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਦੀ ਆਮਦ ਸ਼ੁਰੂ ਹੋਣ ਨਾਲ ਸ਼ਹਿਰ 'ਚ ਟ੍ਰੈਫਿਕ ਵਧਣ ਨਾਲ ਟ੍ਰੈਫਿਕ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ | ਸ਼ਹਿਰ ਵਿਚ ਇਸ ਸਮੇਂ ਸਿਰਫ਼ 2-3 ਟ੍ਰੈਫਿਕ ਮੁਲਾਜ਼ਮ ਤਾਇਨਾਤ ਹਨ | ਸ਼ਹਿਰ ਵਿਚ 4 ਚੌਕ ਅਤੇ ਹੋਰ ਅਨੇਕਾਂ ਪੁਆਇੰਟ ਅਜਿਹੇ ਹਨ ਜਿੱਥੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਮੁਲਾਜ਼ਮ ਕਰਨ ਦੀ ਲੋੜ ਹੈ | ਟ੍ਰੈਫਿਕ ਮੁਲਾਜ਼ਮ ਨਾ ਹੋਣ ਕਾਰਨ ਸ਼ਹਿਰ ਵਿਚ ਜਿੱਥੇ ਵੱਖ-ਵੱਖ ਸੜਕਾਂ 'ਤੇ ਗੱਡੀਆਂ ਨਾਜਾਇਜ਼ ਤਰੀਕੇ ਨਾਲ ਪਾਰਕ ਕੀਤੇ ਜਾਣ ਨਾਲ ਜਿੱਥੇ ਟ੍ਰੈਫਿਕ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਵੱਖ-ਵੱਖ ਵਾਹਨ ਚਾਲਕਾਂ ਦੀ ਮਨਮਾਨੀ ਵੀ ਟ੍ਰੈਫਿਕ ਨੂੰ ਪ੍ਰਭਾਵਿਤ ਕਰ ਰਹੀ ਹੈ | ਹੁਣ ਜਦੋਂ ਹੋਲੇ-ਮਹੱਲੇ ਮੌਕੇ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ ਤਾਂ ਅਜਿਹੇ ਵਿਚ ਹਰ ਚੌਂਕ ਵਿਚ ਮੁਲਾਜ਼ਮ ਤਾਇਨਾਤ ਕਰਨ, ਬੰਗਾ ਰੋਡ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਡਾਇਵਰਟ ਕਰਨ ਲਈ ਤੁਰੰਤ ਟ੍ਰੈਫਿਕ ਮੁਲਾਜ਼ਮ ਤਾਇਨਾਤ ਕਰਨ ਦੀ ਲੋੜ ਹੈ |