ਕੋਟਫ਼ਤੂਹੀ, 28 ਫਰਵਰੀ (ਅਵਤਾਰ ਸਿੰਘ ਅਟਵਾਲ)-ਬੀਤੀ ਅੱਧੀ ਰਾਤ ਨੂੰ ਸਥਾਨਕ ਬਿਸਤ ਦੁਆਬ ਨਹਿਰ ਦੇ ਚੁਰਸਤੇ ਵਾਲੇ ਪੁਲ 'ਤੇ ਇੱਕ ਵੇਟਰਾਂ ਨਾਲ ਭਰੇ ਆਟੋ ਰਿਕਸ਼ਾ 'ਚ ਇਕ ਵੇਟਰ ਟਿੱਪਰ ਵੱਜਣ ਤੇ ਹੇਠਾਂ ਡਿੱਗਣ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਾਤ ਸਾਢੇ ਬਾਰ੍ਹਾਂ ਕੁ ਵਜੇ ਦੇ ਕਰੀਬ ਪਿੰਡ ਨਡਾਲੋ ਤੋਂ ਵਿਆਹ ਪਾਰਟੀ ਦਾ ਸਮਾਗਮ ਮੁਕਾ ਕੇ ਇਕ ਵੇਟਰਾਂ ਨਾਲ ਭਰਿਆ ਆਟੋ ਰਿਕਸ਼ਾ ਪੀ. ਬੀ. 08 ਸੀ. ਐਕਸ 4846 ਜਿਸ ਨੂੰ ਮੁਕੇਸ਼ ਕੁਮਾਰ ਜਲੰਧਰ ਚੱਲਾ ਰਿਹਾ ਸੀ ਕੋਟਫ਼ਤੂਹੀ ਵਾਇਆ ਬਹਿਰਾਮ, ਜਲੰਧਰ ਨੂੰ ਜਾ ਰਹੇ ਸਨ, ਜਦੋਂ ਇਹ ਕੋਟਫ਼ਤੂਹੀ ਨਹਿਰ ਦੇ ਚੁਰਸਤੇ ਵਾਲੇ ਪੁਲ 'ਤੇ ਪਹੁੰਚਿਆ ਤਾਂ ਮਾਹਿਲਪੁਰ ਸਾਈਡ ਤੋਂ ਬਜਰੀ ਨਾਲ ਭਰਿਆ ਟਿੱਪਰ ਪੀ. ਬੀ. 07 ਸੀ. ਏ 8007 ਜਿਸ ਨੂੰ ਅਮਰੀਕ ਸਿੰਘ ਮੀਕਾ ਨਿਵਾਸੀ ਚੱਕ ਨਰਿਆਲ ਚਲਾ ਰਿਹਾ ਸੀ ਉਹ ਬਹਿਰਾਮ ਵੱਲ ਨੂੰ ਜਾ ਰਿਹਾ ਸੀ, ਜਿਸ ਦੀ ਅਚਾਨਕ ਸੱਜੇ ਪਾਸੇ ਆਟੋ ਰਿਕਸ਼ਾ ਨਾਲ ਟੱਕਰ ਹੋਣ ਨਾਲ ਆਟੋ ਰਿਕਸ਼ਾ ਪਲਟ ਗਿਆ, ਆਟੋ ਰਿਕਸ਼ਾ 'ਚ ਬੈਠਾ 43 ਸਾਲਾਂ ਗਿਆਨ ਪ੍ਰਸ਼ਾਦ ਗੈਰੇ ਪੁੱਤਰ ਨਿਮਾਨੰਦ ਗੈਰੇ ਵਾਸੀ ਅੰਨਚਾਲੂਮਿਨੀ ਜ਼ਿਲ੍ਹਾ ਅਰਿਗਾਖਾਂਚੀ ਨੇਪਾਲ ਹਾਲ ਨਿਵਾਸੀ ਜਲੰਧਰ ਭੁੜਕ ਕੇ ਹੇਠਾਂ ਸੜਕ ਤੇ ਡਿੱਗ ਪਿਆ, ਜਿਸ ਉੱਪਰ ਦੀ ਟਿੱਪਰ ਲੰਘ ਗਿਆ ਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ | ਘਟਨਾ ਸਥਾਨ 'ਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਮਿ੍ਤਕ ਦਾ ਸਰੀਰ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਤੇ ਦੋਵੇਂ ਵਾਹਨ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |