ਬਟਾਲਾ, 28 ਫਰਵਰੀ (ਸਤਿੰਦਰ ਸਿੰਘ)- ਐਸ.ਐਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਦੇ ਨਰਸਰੀ ਕਲਾਸ ਤੋਂ ਯੂ.ਕੇ.ਜੀ. ਕਲਾਸ ਤੱਕ ਦੇ ਬੱਚਿਆਂ ਦੀ ਗਰੈਜੂਏਸ਼ਨ ਸੈਰੇਮਨੀ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਕੀਤੀ ਗਈ | ਇਹ ਸਮਾਗਮ ਸਕੂਲ ਡਾਇਰੈਕਟਰ (ਪਿ੍ੰਸੀਪਲ ਨੈਸ਼ਨਲ ਐਵਾਰਡੀ) ਮਨੋਹਰ ਲਾਲ ਸ਼ਰਮਾ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਰਾਜੇਸ਼ ਕੁਮਾਰ ਸ਼ਰਮਾ, ਕੋ-ਆਰਡੀਨੇਟਰ ਪਿ੍ੰਸੀਪਲ ਡਾ. ਸ਼ਾਲਿਨੀ ਸ਼ਰਮਾ ਦੀ ਅਗਵਾਈ ਹੇਠ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਦੇ ਜੂਨੀਅਰ ਵਿੰਗ ਅੰਦਰ ਪਿ੍ੰਸੀਪਲ ਸ੍ਰੀਮਤੀ ਕੋਮਲ ਅਗਰਵਾਲ, ਮੁੱਖ ਅਧਿਆਪਕਾ ਸ਼੍ਰੀਮਤੀ ਤਜਿੰਦਰ ਸ਼ਰਮਾ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਵਿੱਚ ਨਿੱਕੇ-ਨਿੱਕੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਨਿੱਕੇ-ਨਿੱਕੇ ਬੱਚੇ ਆਪਣੀ ਗਰੈਜੂਏਸ਼ਨ ਡਰੈਸ ਵਿਚ ਬਹੁਤ ਪਿਆਰੇ ਲੱਗ ਰਹੇ ਸਨ | ਪ੍ਰਬੰਧਕਾਂ ਨੇ ਕਿਹਾ ਕਿ ਬਹੁਤ ਖੁਸ਼ੀ ਵਾਲੀ ਗੱਲ ਇਹ ਸੀ ਕਿ ਸਾਰੇ ਹੀ ਬੱਚੇ ਪਹਿਲੀ ਡਿਵੀਜ਼ਨ ਵਿਚ ਪਾਸ ਹੋਏ ਅਤੇ ਕੋ-ਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਦੁਆਰਾ ਸਾਰੇ ਬੱਚਿਆਂ ਨੂੰ ਟਰਾਫੀਆਂ ਵੰਡ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਗਿਆ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੱਤੀਆਂ | ਇਸ ਮੌਕੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਬੱਚਿਆਂ ਦਾ ਉਤਸ਼ਾਹ ਵੀ ਵਧਾਇਆ |