19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਜੇਕਰ ਦਰਿਆ ਉੱਚੇ ਅਤੇ ਪਿੰਡ ਨੀਵੇਂ ਰਹਿ ਜਾਣ ਤਾਂ ਹੜ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ– ਸਰਬਜੋਤ ਸਿੰਘ ਸਾਬੀ

ਅਜੀਤ ਡੈਸਕ 04-04-2026
ਭੰਗਾਲਾ, 3 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੈਬਨਿਟ ਮੀਟਿੰਗ ਵਿਚ ਸਤਲੁਜ ਦਰਿਆ ਦੀ ਸਫ਼ਾਈ ਲਈ ਮਨਜ਼ੂਰੀ ਦਿੱਤੀ ਗਈ, ਪਰ ਸਵਾਲ ਇਹ ਹੈ ਕਿ ਜਿੱਥੇ ਸਾਡੇ ਇਲਾਕੇ ਵਿਚ ਲੋਕਾਂ ਦੀ ਸਾਲਾਂ ਤੋਂ ਵੱਡੀ ਮੰਗ ਹੈ, ਉੱਥੇ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ | ਪਿਛਲੇ ਸਾਲ ਧੁੱਸੀ ਬੰਨ੍ਹ ਟੁੱਟਣ ਤੋਂ ਬਾਅਦ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਇਸ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ | ਖ਼ੁਦ ਮੁੱਖ ਮੰਤਰੀ ਸਾਹਿਬ ਮੌਕੇ 'ਤੇ ਪਹੁੰਚੇ ਸਨ, ਪਰ ਅੱਜ ਤੱਕ ਕੋਈ ਕੰਮ ਸ਼ੁਰੂ ਨਹੀਂ ਹੋਇਆ | ਉਨ੍ਹਾਂ ਕਿਹਾ ਦਰਿਆ ਨਜ਼ਦੀਕ ਵੱਸਦੇ ਲੋਕਾਂ ਦੀਆਂ ਸਾਡੀਆਂ ਮੁੱਖ ਮੰਗਾਂ: ਦਰਿਆ ਨੂੰ ਤੁਰੰਤ ਡੂੰਘਾ ਕੀਤਾ ਜਾਵੇ,•ਦਰਿਆ ਦੀ ਸਫ਼ਾਈ ਕਰਾਈ ਜਾਵੇ, ਧੁੱਸੀ ਬੰਨ੍ਹ ਦੀ ਮੁਰੰਮਤ ਅਤੇ ਮਜ਼ਬੂਤੀ ਕੀਤੀ ਜਾਵੇ | ਉਨ੍ਹਾਂ ਕਿਹਾ ਜਦੋਂ ਤੱਕ ਦਰਿਆ ਡੂੰਘਾ ਨਹੀਂ ਹੋਵੇਗਾ, ਕੋਈ ਵੀ ਤਾਕਤ ਹੜ੍ਹਾਂ ਨੂੰ ਨਹੀਂ ਰੋਕ ਸਕਦੀ | ਉਨ੍ਹਾਂ ਕਿਹਾ ਪਹਿਲਾਂ ਲੋਕ ਦਰਿਆ ਤੋਂ ਰੇਤ ਲੈ ਕੇ ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦੇ ਸਨ, ਜਿਸ ਨਾਲ ਦਰਿਆ ਵੀ ਸਾਫ਼ ਰਹਿੰਦਾ ਸੀ | ਅੱਜ ਹਾਲਾਤ ਇਹ ਹਨ ਕਿ ਲੋਕਾਂ ਨੂੰ ਰੇਤ ਲਈ ਦੂਰ-ਦੂਰ ਜਾਣਾ ਪੈਂਦਾ ਹੈ, ਪਰ ਦਰਿਆ ਵਿਚ ਜੰਮਿਆ ਮਲਬਾ ਕੋਈ ਨਹੀਂ ਹਟਾ ਰਿਹਾ | ਇਸ ਤੋਂ ਇਲਾਵਾ ਦਰਿਆ ਦੇ ਅੰਦਰ ਜੰਗਲਾਤ ਵਿਭਾਗ ਵੱਲੋਂ ਵੱਡੀ ਗਿਣਤੀ ਵਿਚ ਦਰਖ਼ਤ ਲਗਾਏ ਗਏ ਹਨ | ਜਾਨਵਰਾਂ ਅਤੇ ਪੰਛੀਆਂ ਲਈ ਖੇਤਰ ਘੋਸ਼ਿਤ ਕਰਕੇ ਸਫ਼ਾਈ ਰੋਕੀ ਜਾ ਰਹੀ ਹੈ | ਉਨ੍ਹਾਂ ਕਿਹਾ ਇਕ ਪਾਸੇ ਹਾਜੀਪੁਰ ਤੋਂ ਮੁਕੇਰੀਆਂ-ਤਲਵਾੜਾ ਤੱਕ ਬੇਹਿਸਾਬ ਮਾਈਨਿੰਗ ਹੋ ਰਹੀ ਹੈ, 200-200 ਫੁੱਟ ਤੱਕ ਖ਼ੁਦਾਈ ਕੀਤੀ ਜਾ ਰਹੀ ਹੈ, ਪਰ ਜਿੱਥੇ ਦਰਿਆ ਨੂੰ ਡੂੰਘਾ ਕਰਨ ਦੀ ਲੋੜ ਹੈ, ਉੱਥੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਸਾਡੇ ਇਲਾਕੇ ਦੀ ਮਾਈਨਿੰਗ ਤੋਂ ਕਰੋੜਾਂ ਰੁਪਏ ਚੰਡੀਗੜ੍ਹ ਅਤੇ ਦਿੱਲੀ ਤੱਕ ਪਹੁੰਚ ਰਹੇ ਹਨ ਪਰ ਇਕ ਮਹੀਨੇ ਦੀ ਕਮਾਈ ਵੀ ਇੱਥੇ ਦੇ ਦਰਿਆ ਨੂੰ ਠੀਕ ਕਰਨ 'ਤੇ ਲਗਾ ਦਿੱਤੀ ਜਾਵੇ ਤਾਂ ਕਾਫ਼ੀ ਹੱਦ ਤੱਕ ਸੁਧਾਰ ਹੋ ਸਕਦਾ ਹੈ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਜੇ ਤੁਸੀਂ ਸੱਚਮੁੱਚ ਲੋਕਾਂ ਦੀ ਭਲਾਈ ਚਾਹੁੰਦੇ ਹੋ, ਤਾਂ ਤੁਰੰਤ ਦਰਿਆ ਦੀ ਸਫ਼ਾਈ ਅਤੇ ਬੰਨ੍ਹ ਦੀ ਮਜ਼ਬੂਤੀ 'ਤੇ ਕੰਮ ਸ਼ੁਰੂ ਕੀਤਾ ਜਾਵੇ |
ਪਿਛਲੀ ਖ਼ਬਰ ਹਰਪਾਲ ਸਿੰਘ ਸੋਖੀ ਨੇ ਚੰਡੀਗੜ੍ਹ 'ਚ ਆਪਣੇ ਹੁਨਰ ਨਾਲ ਦਰਸ਼ਕਾਂ ਦਾ ਲਿਆ ਭਰਵਾਂ ਹੁੰਗਾਰਾ <br/> ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਸਰਕਾਰੀ ਸਕੂਲ ਦੇ ਕਮਰਿਆਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।