ਅੱਡਾ ਸਰਾਂ , 28 ਅਪ੍ਰੈਲ (ਮਸੀਤੀ)-ਸਰਕਾਰੀ ਹਾਈ ਸਕੂਲ ਸੀਕਰੀ 'ਚ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਲੇਰੀਆ ਵਰਗੀ ਸੰਕਰਾਮਕ ਬਿਮਾਰੀ ਤੋਂ ਬਚਾਅ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ 'ਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਸੀ | ਇਹ ਪ੍ਰੋਗਰਾਮ ਸਿਵਲ ਸਰਜਨ ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਪੀ. ਐੱਚ. ਸੀ. ਭੂੰਗਾ ਦੇ ਐੱਸ. ਐੱਮ. ਓ. ਡਾ. ਸੁਦੇਸ਼ ਰਾਜਨ ਦੀ ਅਗਵਾਈ 'ਚ ਕੀਤਾ ਗਿਆ | ਇਸ ਦੌਰਾਨ ਹੈਲਥ ਸੁਪਰਵਾਈਜ਼ਰ ਉਮੇਸ਼ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਮਲੇਰੀਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਮਲੇਰੀਆ ਇਕ ਗੰਭੀਰ ਬਿਮਾਰੀ ਹੈ ਜੋ ਖ਼ਾਸ ਤੌਰ 'ਤੇ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ | ਇਹ ਮੱਛਰ ਆਮ ਤੌਰ 'ਤੇ ਗੰਦੇ ਜਾਂ ਖੜ੍ਹੇ ਪਾਣੀ 'ਚ ਪੈਦਾ ਹੁੰਦਾ ਹੈ, ਇਸ ਲਈ ਜਿੱਥੇ ਵੀ ਪਾਣੀ ਇਕੱਠਾ ਰਹਿੰਦਾ ਹੈ-ਜਿਵੇਂ ਕਿ ਖ਼ਾਲੀ ਡੱਬੇ, ਟਾਇਰ, ਕੂਲਰ, ਗਮਲੇ ਜਾਂ ਨਾਲੀਆਂ-ਉੱਥੇ ਮੱਛਰਾਂ ਦੀ ਸੰਖਿਆ ਵਧਣ ਦਾ ਖ਼ਤਰਾ ਹੁੰਦਾ ਹੈ | ਸੁਪਰਵਾਈਜ਼ਰ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਮਲੇਰੀਆ ਨੂੰ ਨਿਯੰਤਰਿਤ ਕਰਨ ਲਈ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਦੇ ਤਹਿਤ ਘਰ-ਘਰ ਜਾ ਕੇ ਜਾਗਰੂਕਤਾ ਫੈਲਾਈ ਜਾਂਦੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ | ਗੁਰਪਾਲ ਸਿੰਘ (ਐੱਮ. ਪੀ. ਐੱਚ. ਡਬਲਯੂ.) ਸਮੇਤ ਸਿਹਤ ਵਿਭਾਗ ਦੀ ਟੀਮ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਸਕੂਲ ਪ੍ਰਬੰਧਕਾਂ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਇੱਛਾ ਜਤਾਈ |