ਟਾਂਡਾ ਉੜਮੁੜ, 29 ਅਪ੍ਰੈਲ (ਭਗਵਾਨ ਸਿੰਘ ਸੈਣੀ)- ਪੰਜਾਬ ਦੇ ਰਾਜ-ਸਭਾ ਮੈਂਬਰ ਰਾਘਵ ਚੱਡਾ ਸਮੇਤ ਜਿਹੜੇ ਹੋਰ ਆਗੂਆਂ ਨੇ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ, ਉਨ੍ਹਾਂ ਨੇ ਸਿਰਫ਼ ਪਾਰਟੀ ਨਹੀਂ ਸਗੋਂ ਪੰਜਾਬ ਦੀ 3 ਕਰੋੜ ਜਨਤਾ ਦੇ ਵਿਸ਼ਵਾਸ ਨਾਲ ਸਿੱਧਾ ਧੋਖਾ ਕੀਤਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਜਸਵੰਤ ਸਿੰਘ ਬਿੱਟੂ ਜਲਾਲਪੁਰ ਨੇ ਨੇ 'ਅਜੀਤ' ਨਾਲ ਗੱਲ ਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਹਨਾਂ ਆਗੂਆਂ ਨੂੰ ਪੰਜਾਬ ਦੇ ਲੋਕਾਂ ਨੇ TਬਦਲਾਅUਦੇ ਨਾਂ 'ਤੇ ਸੱਤਾ ਤੱਕ ਪਹੁੰਚਾਇਆ ਸੀ | ਇਹਨਾਂ ਨੇ ਰੁਜ਼ਗਾਰ, ਨਸ਼ਾ ਮੁਕਤ ਪੰਜਾਬ ਅਤੇ ਸੁਚੱਜੀ ਸਰਕਾਰ ਦੇ ਵੱਡੇ ਵਾਅਦੇ ਕੀਤੇ ਸਨ | ਪਾਰਟੀ ਨੇ ਵੀ ਇਹਨਾਂ ਨੂੰ ਉੱਚੇ ਅਹੁਦਿਆਂ 'ਤੇ ਬਿਠਾ ਕੇ ਪੂਰਾ ਮਾਣ-ਸਤਿਕਾਰ ਦਿੱਤਾ, ਪਰ ਅੱਜ ਇਹੀ ਆਗੂ ਆਪਣੀਆਂ ਨਿੱਜੀ ਲਾਲਸਾਵਾਂ ਅਤੇ ਸਿਆਸੀ ਸੁਵਿਧਾਵਾਂ ਲਈ ਪਾਰਟੀ ਛੱਡ ਕੇ ਦੂਜਿਆਂ ਦੇ ਦਰ 'ਤੇ ਜਾ ਖੜ੍ਹੇ ਹੋਏ ਹਨ | ਇਹ ਕਦਮ ਸਿਆਸੀ ਮੌਕਾ-ਪ੍ਰਸਤੀ ਦੀ ਸਭ ਤੋਂ ਵੱਡੀ ਮਿਸਾਲ ਹੈ | ਜਿਨ੍ਹਾਂ ਲੋਕਾਂ ਨੇ ਇਹਨਾਂ 'ਤੇ ਭਰੋਸਾ ਕੀਤਾ ਸੀ, ਅੱਜ ਉਹ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ | ਪੰਜਾਬ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਲੋਕਾਂ ਵਿਚ ਇਹਨਾਂ ਆਗੂਆਂ ਪ੍ਰਤੀ ਗ਼ੁੱਸਾ ਅਤੇ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ | ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਹੁਣ ਸਿਆਸੀ ਧੋਖੇਬਾਜ਼ੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹਨਾਂ ਮੌਕਾਪ੍ਰਸਤ ਆਗੂਆਂ ਨੂੰ ਸਿਆਸੀ ਤੌਰ 'ਤੇ ਕਰਾਰਾ ਜਵਾਬ ਦੇਣਗੇ | ਪੰਜਾਬ ਦੀ ਜਨਤਾ ਦਾ ਫ਼ੈਸਲਾ ਹਮੇਸ਼ਾ ਅੰਤਿਮ ਹੁੰਦਾ ਹੈ ਅਤੇ ਇਸ ਵਾਰ ਵੀ ਲੋਕ ਆਪਣੇ ਵੋਟ ਨਾਲ ਸੱਚ ਅਤੇ ਝੂਠ ਦਾ ਫ਼ਰਕ ਸਾਫ਼ ਕਰ ਦੇਣਗੇ | ਇਸ ਮੌਕੇ ਚੇਅਰਮੈਨ ਜਸਵੰਤ ਸਿੰਘ ਬਿੱਟੂ ਤੋਂ ਇਲਾਵਾ ਲਖਵਿੰਦਰ ਸਿੰਘ ਸੇਠੀ ਬਲਾਕ ਸੰਮਤੀ ਮੈਂਬਰ ,ਜਸਵੰਤ ਸਿੰਘ ਅੰਬੀ ਪੰਚ , ਸਰਪੰਚ ਬੰਟੀ, ਰਵੀ ਬਲਾਕ ਪ੍ਰਧਾਨ ਅਤੇ ਯੋਧਾ ਮਸੀਹ ਆਦਿ ਹਾਜ਼ਰ ਸਨ |