ਗੜ੍ਹਦੀਵਾਲਾ, 29 ਅਪ੍ਰੈਲ (ਚੱਗਰ)-ਕਸਬਾ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਗੋਂਦਪੁਰ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਭੁੱਟੋ ਅਰਗੋਵਾਲ ਦੇ ਬੇਟੇ ਦੀ ਟਿੱਪਰ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਗੁਰਸਿਮਰਨਜੋਤ ਸਿੰਘ ਉਰਫ਼ ਸਿੰਮਾ ਪੁੱਤਰ ਹਰਦੀਪ ਸਿੰਘ ਭੁੱਟੋ (28) ਵਾਸੀ ਪਿੰਡ ਅਰਗੋਵਾਲ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ.-ਸੀ.ਏ. 7768 'ਤੇ ਸਵਾਰ ਹੋ ਕੇ ਗੜ੍ਹਦੀਵਾਲਾ ਸਾਈਡ ਤੋਂ ਆਪਣੇ ਨਿੱਜੀ ਕੰਮ ਲਈ ਪਿੰਡ ਗੋਂਦਪੁਰ ਵੱਲ ਨੂੰ ਜਾ ਰਿਹਾ ਸੀ | ਜਦੋਂ ਉਹ ਗੋਂਦਪੁਰ ਪੁੱਜਾ ਤਾਂ ਪਿੱਛੋ ਆ ਰਹੇ ਤੇਜ਼ ਰਫ਼ਤਾਰ ਟਿੱਪਰ ਪੀ.ਬੀ.-08 ਡੀ.ਐੱਸ. 5935 ਦੀ ਲਪੇਟ ਵਿਚ ਆ ਗਿਆ ਜਿਸ ਕਰਕੇ ਟਾਇਰ ਹੇਠਾਂ ਆਉਣ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਗੜ੍ਹਦੀਵਾਲਾ ਪੁਲਿਸ ਦੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਪੁਲਿਸ ਫੋਰਸ ਸਮੇਤ ਮੌਕੇ 'ਤੇ ਪੁੱਜਕੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ | ਪੁਲਿਸ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋਈਆਂ ਮੌਕੇ ਦੀਆਂ ਤਸਵੀਰਾਂ ਨੂੰ ਵੀ ਖੰਗਾਲਿਆਂ ਜਾ ਰਿਹਾ ਹੈ | ਪੁਲਿਸ ਵਲੋਂ ਮਿ੍ਤਕ ਨੌਜਵਾਨ ਦੀ ਲਾਸ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ |