ਭੰਗਾਲਾ, 10 ਮਈ (ਬਲਵਿੰਦਰਜੀਤ ਸਿੰਘ ਸੈਣੀ)-ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਪੰਜਾਬ 'ਚ ਚਿੱਟਾ, ਨਸ਼ਿਆਂ, ਲੁੱਟਾਂ-ਖੋਹਾਂ, ਚੋਰੀਆਂ ਪੂਰੀ ਤਰ੍ਹਾਂ ਬੰਦ ਹੋ ਜਾਣਗੀਆਂ ਪਰ ਬੜੇ ਦੁੱਖ ਦੀ ਗੱਲ ਹੈ, ਇਨ੍ਹਾਂ ਲੁੱਟਾਂ ਖੋਹਾਂ, ਚੋਰੀ ਦੀਆਂ ਵਾਰਦਾਤਾਂ 'ਤੇ ਕੋਈ ਠੱਲ੍ਹ ਨਹੀਂ ਪਈ | ਕਸਬਾ ਭੰਗਾਲਾ ਦੇ ਆਸ-ਪਾਸ ਸ਼ਰੇਆਮ ਦਿਨ ਦਿਹਾੜੇ ਲੁੱਟਾਂ ਖੋਹਾਂ ਤੇ ਚੋਰੀਆਂ ਦੀ ਘਟਨਾ ਲੋਕਾਂ ਨਾਲ ਵਾਪਰ ਰਹੀ ਹੈ, ਜਿਸ 'ਤੇ ਪੁਲਿਸ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ | ਇਸ ਮੌਕੇ ਗੱਲਬਾਤ ਕਰਦਿਆਂ ਮੰਦਰ ਦੇ ਮੁੱਖ ਸੇਵਾਦਾਰ ਰਾਹੁਲ ਕੁਮਾਰ ਬੰਟੀ, ਪ੍ਰਦੀਪ ਕੁਮਾਰ, ਸੁਲਿੰਦਰ ਸਿੰਘ, ਜੰਗੀ ਲਾਲ, ਪਰਮ, ਕੇਸ਼ਵ, ਪਰਮਜੀਤ, ਅਰੁਣ ਕੁਮਾਰ ਆਦਿ ਨੇ ਦੱਸਿਆ ਕਿ ਪਿੰਡ ਚੱਕ ਭਾਈਆਂ ਜਿਥੇ ਮਾਈ ਪਿੱਪਲੀ ਦਾ ਮੰਦਰ ਬਣਿਆ ਹੋਇਆ ਹੈ | ਮੰਦਰ ਦੇ ਬਾਥਰੂਮ ਦੇ 5 ਦਰਵਾਜ਼ੇ ਤੇ ਇਕ ਪਾਣੀ ਵਾਲੀ ਮੋਟਰ ਚੋਰੀ ਕਰਕੇ ਚੋਰ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਹਲੇੜ ਦਲਪੱਤ ਉਰਫ਼ ਮੁਸਾਹਿਬਪੁਰ ਵਿਖੇ ਤਿੰਨ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਪੈਸੇ ਜੋ ਦਿਨ ਦਿਹਾੜੇ ਚੋਰਾਂ ਵਲੋਂ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪਿੰਡ ਮਹਿਤਾਬਪੁਰ ਵਿਖੇ ਕਿਸਾਨ ਦੀ ਮੋਟਰ 'ਤੇ ਚੋਰੀ ਹੋਈ ਸੀ ਜਿਥੇ ਦੋ ਯੂਰੀਆ ਦੇ ਬੈਗ, ਇਕ ਡੀ. ਏ. ਪੀ. ਤੇ ਸਪਰੇ ਪੰਪ ਚੋਰਾਂ ਵਲੋ ਚੋਰੀ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪਿੰਡ ਚੱਕ ਭਾਈਆਂ ਵਿਖੇ ਮਾਈ ਪਿੱਪਲੀ ਦੇ ਮੰਦਰ 'ਚ ਪਹਿਲਾਂ ਵੀ ਚੋਰੀ ਹੋਈ ਹੈ | ਉਨ੍ਹਾਂ ਦੱਸਿਆ ਕਿ ਕਸਬਾ ਭੰਗਾਲੇ 'ਚ ਇਕ ਪੁਲਿਸ ਚੌਕੀ ਹੁੰਦੇ ਹੋਏ ਵੀ ਪੁਲਿਸ ਪ੍ਰਸ਼ਾਸਨ ਇਸ ਬਾਰੇ ਕੁੱਝ ਨਹੀਂ ਕਰ ਰਿਹਾ | ਉਨ੍ਹਾਂ ਕਿਹਾ ਕਿ ਚੋਰ ਸ਼ਰੇਆਮ ਪੁਲਿਸ ਦੀ ਨੱਕ ਹੇਠ ਚੋਰੀਆਂ ਕਰਕੇ ਜਾ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਆਪਣੀ ਕਾਰਜਕਾਰੀ ਤੋਂ ਟੱਸ ਤੋਂ ਮੱਸ ਨਹੀਂ ਹੋ ਰਹੇ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੂੰ ਚੋਰ ਜਾਂ ਨਸ਼ੇੜੀ ਲੋਕਾਂ ਵਲੋਂ ਫੜ ਕੇ ਦਿੱਤਾ ਜਾਂਦਾ ਹੈ ਤਾਂ ਇਹ ਬਿਨਾਂ ਕਾਰਵਾਈ ਤੇ ਉਨ੍ਹਾਂ ਨੂੰ ਛੱਡ ਦਿੰਦੇ ਹਨ ਜਾਂ ਫਿਰ ਗ਼ਲਤ ਪਰਚੇ ਦੇ ਕੇ ਅੰਦਰ ਕਰ ਦਿੰਦੇ ਹਨ | ਇਸ ਮੌਕੇ ਲੋਕਾਂ ਨੇ ਡੀ. ਜੀ. ਪੀ. ਪੰਜਾਬ ਤੇ ਐਸ. ਐਸ. ਪੀ. ਹੁਸ਼ਿਆਰਪੁਰ ਨੂੰ ਅਪੀਲ ਕੀਤੀ ਕਿ ਭੰਗਾਲਾ ਹਲਕੇ 'ਚ ਹੋ ਰਹੀਆਂ ਚੋਰੀਆਂ ਅਤੇ ਲੁੱਟਾਂ ਖੋਹਾਂ ਨੂੰ ਰੋਕਣ ਲਈ ਪੁਲਿਸ ਦੀ ਗਸ਼ਤ ਹਲਕੇ ਅੰਦਰ ਵਧਾਈ ਜਾਵੇ | ਇੰਜ ਲੱਗਦਾ ਹੈ ਕਿ ਪੁਲਿਸ ਵੀ ਚੋਰਾਂ ਨਾਲ ਰਲੀ ਹੋਈ ਹੈ ਜੋ ਕਿ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ |