ਭਵਾਨੀਗੜ੍ਹ (ਸੰਗਰੂਰ), 31 ਅਗਸਤ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਦਲਜੀਤ ਢਾਬੇ ਕੋਲ ਅੱਜ ਦੁਪਹਿਰੇ ਪਟਿਆਲਾ ਸਾਈਡ ਤੋਂ ਆਉਂਦੀ ਇਕ ਗੱਡੀ ਅਚਾਨਕ ਬੇਕਾਬੂ ਹੋ ਕੇ ਡਿਵਾਇਡਰ ਨੂੰ ਪਾਰ ਕਰ ਕੇ ਦੂਜੇ ਪਾਸੇ ਸੜਕ ’ਤੇ ਸਾਹਮਣੇ ਤੋਂ ਆਉਂਦੇ ਇਕ ਟਿੱਪਰ ਨਾਲ ਟਕਰਾਉਣ ਕਾਰਨ ਗੱਡੀ ’ਚ ਸਵਾਰ ਦੋ ਵਿਅਕਤੀਆਂ ਦੇ ਗੰਭੀਰ ਜਖ਼ਮੀ ਹੋ ਜਾਣ ਦੀ ਖ਼ਬਰ ਮਿਲੀ ਹੈ।
ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਸਬ-ਇੰਸਪੈਕਟਰ ਸਮਸ਼ੇਰ ਸਿੰਘ ਨੇ ਦੱਸਿਆ ਕਿ ਇਕ ਇਨੋਵਾ ਗੱਡੀ ’ਚ ਸਵਾਰ ਦੋ ਵਿਅਕਤੀ ਪਟਿਆਲਾ ਸਾਈਡ ਤੋਂ ਸੰਗਰੂਰ ਵਲ ਨੂੰ ਜਾ ਰਹੇ ਸੀ ਤਾਂ ਅਚਾਨਕ ਹੀ ਇਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਸੜਕ ਦੇ ਡਿਵਾਇਡਰ ਨੂੰ ਪਾਰ ਕਰ ਕੇ ਦੂਜੇ ਪਾਸੇ ਵਾਲੀ ਸੜਕ ’ਤੇ ਸਾਹਮਣੇ ਤੋਂ ਆਉਂਦੇ ਇਕ ਟਿੱਪਰ ਨਾਲ ਟਕਰਾਉਣ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਤੇ ਇਸ ’ਚ ਸਵਾਰ ਸੁਖਚੈਨ ਸਿੰਘ ਅਤੇ ਜਸਵੀਰ ਸਿੰਘ ਗੱਡੀ ’ਚ ਬੁਰੀ ਤਰ੍ਹਾਂ ਨਾਲ ਫਸ ਗਏ ਅਤੇ ਗੰਭੀਰ ਜਖ਼ਮੀ ਹੋ ਗਏ ਜਿੰਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਅਤੇ ਰਾਹਗੀਰਾਂ ਦੀ ਮਦਦ ਨਾਲ ਗੱਡੀ ਵਿਚੋਂ ਭਾਰੀ ਜੱਦੋਂ-ਜਹਿਦ ਨਾਲ ਬਾਹਰ ਕੱਢਿਆ ਗਿਆ।
ਇਨ੍ਹਾਂ ਨੂੰ ਐਬੂੰਲੈਸ ਰਾਹੀਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਸਬ-ਇੰਸਪੈਕਟਰ ਤਰਸੇਮ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਹਾਲੇ ਉਨ੍ਹਾਂ ਕੋਲ ਕੋਈ ਰੁੱਕਾ ਨਹੀਂ ਪਹੁੰਚਿਆ। ਉਨਾਂ ਮੌਕੇ ਤੇ ਦੱਸਿਆ ਕਿ ਜਖ਼ਮੀ ਵਿਅਕਤੀਆਂ ਦੇ ਬਿਆਨ ਲੈਣ ਤੋਂ ਬਾਅਦ ਹੀ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।