ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ, ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਬੀਤੀ ਦੇਰ ਰਾਤ ਜ਼ਿਲ੍ਹੇ 'ਚ ਆਏ ਤੇਜ਼ ਤੁਫ਼ਾਨ ਤੇ ਮੀਂਹ ਦੇ ਚੱਲਦਿਆਂ ਜਿਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ, ਉੱਥੇ ਹੀ ਕਈ ਜਗ੍ਹਾ ਮੌਸਮੀ ਫ਼ਸਲਾਂ ਖ਼ਾਸਕਰ ਸਿਆਲੂ ਮੱਕੀ ਤੇ ਹਰੇ ਚਾਰੇ ਦਾ ਵੀ ਭਾਰੀ ਨੁਕਸਾਨ ਹੋਇਆ | ਤੁਫ਼ਾਨ ਦੇ ਚੱਲਦਿਆਂ ਡਿੱਗੇ ਦਰਖਤਾਂ ਦੇ ਕਾਰਨ ਸ਼ਹਿਰਾਂ ਤੇ ਪਿੰਡਾਂ 'ਚ ਬਿਜਲੀ ਦੀ ਸਪਲਾਈ ਕਾਫ਼ੀ ਸਮਾਂ ਪ੍ਰਭਾਵਿਤ ਰਹੀ ਅਤੇ ਰਸਤੇ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਆਵਾਜਾਈ 'ਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਲੋਕਾਂ, ਬਿਜਲੀ ਵਿਭਾਗ ਤੇ ਪ੍ਰਸ਼ਾਸਨ ਵਲੋਂ ਟੁੱਟੇ ਦਰੱਖ਼ਤਾਂ ਤੇ ਬਿਜਲੀ ਦੇ ਖੰਭਿਆਂ ਨੂੰ ਹਟਾਉਣ ਲਈ ਜੱਦੋ-ਜਹਿਦ ਕਰਨੀ ਪਈ | ਸਥਾਨਕ ਨਗਰ ਨਿਗਮ ਦਫ਼ਤਰ ਨਜ਼ਦੀਕ ਵੀ ਸਫ਼ੈਦੇ ਦਾ ਦਰੱਖਤ ਡਿਗ ਜਾਣ ਕਾਰਨ ਹੁਸ਼ਿਆਰਪੁਰ ਊਨਾ ਬਾਈਪਾਸ ਰੋਡ ਕੁੱਝ ਸਮੇਂ ਲਈ ਬੰਦ ਰਿਹਾ ਅਤੇ ਲੋਕਾਂ ਵਲੋਂ ਦਰੱਖਤ ਹਟਾਉਣ ਤੋਂ ਬਾਅਦ ਮੁੜ ਆਵਾਜਾਈ ਚਾਲੂ ਹੋ ਸਕੀ | ਇਸ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਤੇਜ਼ ਤੁਫ਼ਾਨ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਤੁਫ਼ਾਨ ਕਾਰਨ ਸਥਾਨਕ ਦੁਸਹਿਰਾ ਗਰਾਊਾਡ 'ਚ ਲਗਾਏ ਗਏ ਝੂਲੇ ਵੀ ਨੁਕਸਾਨੇ ਗਏ | ਇਸ ਦੇ ਨਾਲ ਹੀ ਜਦੋਂ ਇਲਾਕੇ ਦੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੇਸ਼ੱਕ ਕੁੱਝ ਜਗ੍ਹਾ ਸਿਆਲੂ ਮੱਕੀ ਦਾ ਨੁਕਸਾਨ ਹੋਇਆ ਹੈ, ਪਰ ਤਾਪਮਾਨ 'ਚ ਲਗਾਤਾਰ ਚੱਲ ਰਹੀ ਗਿਰਾਵਟ ਦੇ ਚੱਲਦਿਆਂ ਸਿਆਲੂ ਮੱਕੀ ਦਾ ਵਧੀਆ ਝਾੜ ਨਿਕਲਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਖੇਤਾਂ 'ਚ ਵੀ ਨਮੀ ਹੋ ਗਈ ਹੈ ਤੇ ਮੱਕੀ ਦੀ ਬਿਜਾਈ ਦੇ ਕੰਮ 'ਚ ਵੀ ਹੁਣ ਤੇਜ਼ੀ ਆਵੇਗੀ |