ਹੁਸ਼ਿਆਰਪੁਰ, 17 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਦੇ ਆਈ. ਕਿਊ. ਏ. ਸੀ. ਸੈੱਲ ਦੁਆਰਾ 'ਰੀਜੁਵੇਨੇਟਿੰਗ ਟੀਚਿੰਗ ਸਕਿੱਲਜ਼-3' ਵਿਸ਼ੇ 'ਤੇ ਸੱਤ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ | ਕਾਲਜ ਪਿ੍ੰਸੀਪਲ ਪ੍ਰੋਫੈਸਰ (ਡਾ.) ਵਿਨੈ ਕੁਮਾਰ ਦੀ ਅਗਵਾਈ ਤੇ ਕੋਆਰਡੀਨੇਟਰ ਆਈ. ਕਿਊ. ਏ. ਸੀ. ਐਸੋਸੀਏਟ ਪ੍ਰੋਫੈਸਰ ਟਰੇਸੀ ਕੋਹਲੀ ਦੀ ਰਹਿਨੁਮਾਈ ਵਿਚ ਹੋਏ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਉਨ੍ਹਾਂ ਦੇ ਸੰਬੰਧਿਤ ਖੇਤਰਾਂ 'ਚ ਨਵੀਨਤਮ ਵਿਕਾਸ ਤੇ ਰੁਝਾਨਾਂ ਬਾਰੇ ਅੱਪਡੇਟ ਕਰਕੇ ਉਨ੍ਹਾਂ ਦੇ ਹੁਨਰਾਂ ਨੂੰ ਵਧਾਉਣਾ ਸੀ | ਇਸ ਮੌਕੇ ਰਿਸੋਰਸ ਪਰਸਨ ਦੇ ਤੌਰ 'ਤੇ ਨਿਹਾਰਿਕਾ ਮੱਗੂ ਅਤੇ ਕਨਿਕਾ ਨੰਦਾ ਦੁਆਰਾ ਸਰਲੀਕਰਨ ਨਿੱਜੀ ਬੈਂਕਿੰਗ ਅਤੇ ਦੌਲਤ ਸਿਰਜਣਾ, ਸਹਾਇਕ ਪ੍ਰੋਫੈਸਰ ਡਾ. ਹਰਜੀਤ ਦੁਆਰਾ ਮਾਤ ਭਾਸ਼ਾ: ਇਕ ਅਨਮੋਲ ਖ਼ਜ਼ਾਨਾ ਐਸੋਸੀਏਟ ਪ੍ਰੋਫੈਸਰ ਟਰੇਸੀ ਕੋਹਲੀ ਦੁਆਰਾ ਸਾਈਲੈਂਟ ਸੰਚਾਰ ਦੀ ਸ਼ਕਤੀ ਨੂੰ ਅਨਲੌਕ ਕਰਨਾ, ਸਹਾਇਕ ਪ੍ਰੋਫੈਸਰ ਡਾ. ਦੀਪਕ ਦੁਆਰਾ ਵਾਤਾਵਰਣ ਪ੍ਰਦੂਸ਼ਣ ਅਤੇ ਟੈਰਾਟੋਜੇਨੇਸਿਸ ਦੇ ਪ੍ਰਭਾਵਾਂ, ਸਹਾਇਕ ਪ੍ਰੋਫੈਸਰ ਡਾ. ਕੁਨਾਲ ਮਹਿਤਾ ਦੁਆਰਾ ਮਹਾਂਕਾਵਿ 'ਤੇ ਆਧਾਰਤ ਭਾਰਤੀ ਗਿਆਨ ਪ੍ਰਣਾਲੀਆਂ ਤੇ ਡਾ. ਵਿਨੈ ਕੁਮਾਰ ਦੁਆਰਾ ਇਨਡੀਨਿਜਸ ਲਿਟਰੇਚਰ 'ਤੇ ਗਿਆਨਵਾਨ ਭਾਸ਼ਨ ਸ਼ਾਮਿਲ ਸਨ | ਕਾਲਜ ਪਿ੍ੰਸੀਪਲ ਨੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ 'ਚ ਆਈ. ਕਿਊ. ਏ. ਸੀ. ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਿੱਖਣ ਲਈ ਕੋਈ ਉਮਰ ਸੀਮਾ ਨਹੀਂ ਹੈ | ਕੋਈ ਨਹੀਂ ਜਾਣਦਾ ਕਿ ਜੀਵਨ ਵਿਚ ਕਦੋਂ ਅਤੇ ਕਿੱਥੇ ਗਿਆਨ ਦੀ ਲੋੜ ਪਵੇਗੀ | ਮੈਡਮ ਟਰੇਸੀ ਕੋਹਲੀ ਨੇ ਸਾਰੇ ਬੁਲਾਰਿਆਂ ਤੇ ਅਧਿਆਪਕ ਭਾਗੀਦਾਰਾਂ ਦਾ ਧੰਨਵਾਦ ਕੀਤਾ | ਪ੍ਰੋਗਰਾਮ ਦੇ ਪ੍ਰਬੰਧਕੀ ਸਕੱਤਰ ਡਾ. ਸੋਨੂੰ ਸ਼ਰਮਾ ਨੇ ਸਟੇਜ ਸੰਚਾਲਨ ਬਹੁਤ ਵਧੀਆ ਢੰਗ ਨਾਲ ਕਰਦੇ ਹੋਏ, ਸਿੱਖਣ ਨੂੰ ਇਕ ਜੀਵਨ ਭਰ ਦੀ ਪ੍ਰਕਿਰਿਆ ਮੰਨਿਆ | ਪ੍ਰੋਗਰਾਮ ਦੇ ਅੰਤ 'ਚ ਸਾਰੇ ਬੁਲਾਰਿਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ | ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਆਰ. ਐਮ. ਭੱਲਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ 'ਚ ਵੀ ਨਵੀਨਤਮ ਵਿਚਾਰ ਸਿੱਖਦੇ ਰਹਿਣ ਲਈ ਸਭ ਨੂੰ ਪ੍ਰੇਰਿਤ ਕੀਤਾ |