ਹੁਸ਼ਿਆਰਪੁਰ, 17 ਮਈ (ਬਲਜਿੰਦਰਪਾਲ ਸਿੰਘ)-ਅੱਜ ਸਵੇਰੇ ਹੁਸ਼ਿਆਰਪੁਰ-ਦਸੂਹਾ ਰੋਡ ਸਥਿਤ ਪਿੰਡ ਸਤੌਰ ਦੇ ਬਾਹਰੀ ਇਲਾਕੇ 'ਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਖੇਤਾਂ 'ਚ ਇਕ ਛੋਟੇ ਹਵਾਈ ਜਹਾਜ਼ ਆਕਾਰ ਦੀ ਸ਼ੱਕੀ ਵਸਤੂ ਪਈ ਹੋਈ ਦੇਖੀ ਗਈ | ਦੂਰੋਂ ਇਹ ਵਸਤੂ ਡਰੋਨ ਵਰਗੀ ਦਿਖਾਈ ਦੇ ਰਹੀ ਸੀ, ਜਿਸ ਕਾਰਨ ਇਲਾਕੇ ਦੇ ਲੋਕਾਂ 'ਚ ਚਿੰਤਾ ਦਾ ਮਾਹੌਲ ਬਣ ਗਿਆ | ਜਾਣਕਾਰੀ ਅਨੁਸਾਰ ਖੇਤਾਂ ਵੱਲ ਗਏ ਕੁਝ ਪਿੰਡ ਵਾਸੀਆਂ ਨੇ ਇਸ ਵਸਤੂ ਨੂੰ ਦੇਖਿਆ ਅਤੇ ਤੁਰੰਤ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਕੁਲਦੀਪ ਕੌਰ ਅਤੇ ਸੰਮਤੀ ਮੈਂਬਰ ਪਰਮਜੀਤ ਸਿੰਘ ਨੂੰ ਦਿੱਤੀ | ਇਸ ਤੋਂ ਬਾਅਦ ਥਾਣਾ ਹਰਿਆਣਾ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ | ਪੁਲਿਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਹਵਾਈ ਜਹਾਜ਼ ਦੇ ਆਕਾਰ ਦਾ ਇਕ ਗਰਮ ਹਵਾ ਵਾਲਾ ਗ਼ੁਬਾਰਾ ਸੀ, ਜਿਸ 'ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਸੰਖੇਪ ਨਾਮ 'ਪੀਆਈਏ' ਲਿਖਿਆ ਹੋਇਆ ਸੀ | ਫ਼ਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਗ਼ੁਬਾਰਾ ਕਿੱਥੋਂ ਆਇਆ ਤੇ ਕੀ ਇਸ ਦੇ ਜ਼ਰੀਏ ਕੋਈ ਹੋਰ ਸਮਗਰੀ ਵੀ ਇਲਾਕੇ ਵਿਚ ਸੁੱਟੀ ਗਈ ਹੈ | ਥਾਣਾ ਹਰਿਆਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਹੋਰ ਵਧੇਰੇ ਜਾਣਕਾਰੀ ਲਈ ਪੁਲਿਸ ਵਲੋਂ ਆਸ-ਪਾਸ ਦੇ ਖੇਤਰ 'ਚ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ | ਇਸ ਸੰਬੰਧੀ ਡੀ. ਐੱਸ. ਪੀ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਖਿਡੋਣਾਨੁਮਾ ਵਸਤੂ ਹੈ ਪਰ ਫਿਰ ਵੀ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |