ਘੋਗਰਾ, 17 ਮਈ (ਆਰ. ਐੱਸ. ਸਲਾਰੀਆ)-ਥਾਣਾ ਦਸੂਹਾ ਦੇ ਅਧੀਨ ਪੈਂਦੇ ਪਿੰਡ ਦੋਲੋਵਾਲ ਵਿਖੇ ਬੀਤੀ ਰਾਤ ਚੋਰਾਂ ਨੇ ਇਕ ਪੁਲਿਸ ਮੁਲਾਜ਼ਮ ਦੇ ਘਰ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਜਾਣਕਾਰੀ ਅਨੁਸਾਰ ਚੋਰ ਖਿੜਕੀ ਦੀ ਗਰਿੱਲ ਤੋੜ ਕੇ ਘਰ ਅੰਦਰ ਦਾਖਲ ਹੋਏ ਅਤੇ ਬੜੀ ਆਸਾਨੀ ਨਾਲ 15 ਤੋਲੇ ਸੋਨਾ ਤੇ 25 ਹਜ਼ਾਰ ਨਕਦੀ ਚੋਰੀ ਕਰ ਕੇ ਲੈ ਗਏ | ਪਰਿਵਾਰ ਦੇ ਸਾਰੇ ਮੈਂਬਰ ਆਪਣੇ-ਆਪਣੇ ਕਮਰਿਆਂ 'ਚ ਸੁੱਤੇ ਹੋਏ ਸਨ | ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਏ. ਐੱਸ. ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਮੈਂ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਹਾਂ ਘਰ ਵਿਚ ਮੈਂ ਮੇਰੀ ਪਤਨੀ ਤੇ ਮੇਰੀ ਬੇਟੀ ਮੌਜੂਦ ਸਨ | ਰਾਤ ਕਰੀਬ 9 ਵਜੇ ਅਸੀਂ ਆਪਣੇ ਕਮਰੇ 'ਚ ਸੌਣ ਲਈ ਚਲੇ ਗਏ | ਸਵੇਰੇ ਜਦੋਂ ਮੈਂ ਉੱਠਿਆ ਤਾਂ ਦੇਖਿਆ ਕਿ ਖਿੜਕੀ ਦੀ ਗਰਿੱਲ ਟੁੱਟੀ ਹੋਈ ਸੀ ਅਤੇ ਦੁਕਾਨ ਦਾ ਦਰਵਾਜ਼ਾ ਖੁੱਲ੍ਹਾ ਸੀ | ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ | ਚੋਰ ਕਰੀਬ 15 ਤੋਲੇ ਸੋਨਾ ਤੇ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਬੇਟੀ ਦੇ ਵਿਆਹ ਲਈ ਗਹਿਣੇ ਬਣਾ ਕਿ ਰੱਖੇ ਹੋਏ ਸਨ ਉਹ ਵੀ ਚੋਰਾਂ ਨੇ ਚੋਰੀ ਕਰ ਲਏ | ਵਿਜੇ ਕੁਮਾਰ ਦਾ ਕਹਿਣਾ ਹੈ ਕਿ ਚੋਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਹੁਣ ਉਹ ਪੁਲਿਸ ਅਧਿਕਾਰੀਆਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਗਰੇਜ ਨਹੀਂ ਕਰਦੇ | ਵਿਜੇ ਕੁਮਾਰ ਤੇ ਉਸ ਦੇ ਪਰਿਵਾਰ ਨੇ ਦਸੂਹਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਫੜਿਆ ਜਾਵੇ | ਘਟਨਾ ਦੀ ਸੂਚਨਾ ਦਸੂਹਾ ਪੁਲਿਸ ਨੂੰ ਦਿੱਤੀ ਗਏ | ਐੱਸ. ਆਈ. ਸਤਿਨਾਮ ਸਿੰਘ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਆਸ ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਦਾ ਪਤਾ ਲਗਾ ਕੇ ਕਾਬੂ ਕਰ ਲਿਆ ਜਾਵੇਗਾ |