ਦਸੂਹਾ, 17 ਮਈ (ਭੁੱਲਰ)- ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਵਿਖੇ ਜਨਗਣਨਾ ਸੰਬੰਧੀ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਮਾਨਵ ਸੈਣੀ ਨੇ ਦੱਸਿਆ ਕਿ ਪੰਜਾਬ ਵਿਚ ਹੋਣ ਵਾਲੀ ਜਨਗਣਨਾ ਦੇ ਮੱਦੇਨਜ਼ਰ ਇਹ ਸੈਮੀਨਾਰ ਲੈਕਚਰਾਰ ਬਲਜੀਤ ਸਿੰਘ ਅਤੇ ਲੈਕਚਰਾਰ ਬੇਅੰਤ ਸਿੰਘ ਸਕੂਲ ਆਫ਼ ਐਮੀਨੈਂਸ ਦਸੂਹਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਸੈਮੀਨਾਰ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਜਨਗਣਨਾ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਰ 10 ਸਾਲ ਬਾਅਦ ਜਨਗਣਨਾ ਕਰਵਾਈ ਜਾਂਦੀ ਹੈ | ਆਖ਼ਰੀ ਜਨਗਣਨਾ ਸਾਲ 2011 ਵਿਚ ਹੋਈ ਸੀ, ਜਦਕਿ 2021 ਵਿਚ ਹੋਣ ਵਾਲੀ ਜਨਗਣਨਾ ਕੋਰੋਨਾ ਮਹਾਂਮਾਰੀ ਕਾਰਨ ਨਹੀਂ ਹੋ ਸਕੀ | ਹੁਣ ਇਹ ਜਨਗਣਨਾ 2026-27 ਦੌਰਾਨ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਜਨਗਣਨਾ ਦੋ ਪੜਾਵਾਂ ਵਿਚ ਹੋਵੇਗੀ | ਪਹਿਲਾ ਪੜਾਅ 15 ਮਈ 2026 ਤੋਂ 13 ਜੂਨ 2026 ਤੱਕ ਚੱਲੇਗਾ, ਜਦਕਿ ਦੂਜਾ ਪੜਾਅ ਸਾਲ 2027 ਵਿਚ ਕਰਵਾਇਆ ਜਾਵੇਗਾ | ਇਸ ਦੌਰਾਨ ਸਰਕਾਰੀ ਕਰਮਚਾਰੀ ਘਰ-ਘਰ ਜਾ ਕੇ ਪਰਿਵਾਰਾਂ ਤੋਂ ਕੁੱਲ 34 ਪ੍ਰਸ਼ਨਾਂ ਰਾਹੀਂ ਜਾਣਕਾਰੀ ਇਕੱਠੀ ਕਰਨਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਸਾਰੇ ਵਸਨੀਕ ਜਨਗਣਨਾ ਕਰਮਚਾਰੀਆਂ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਇਹ ਕਾਰਜ ਸੁਚੱਜੇ ਢੰਗ ਨਾਲ ਪੂਰਾ ਹੋ ਸਕੇ | ਇਸ ਮੌਕੇ ਕਾਲਜ ਦੇ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਨਗਣਨਾ ਕਰਮਚਾਰੀਆਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਨੂੰ ਲੋੜੀਂਦਾ ਸਹਿਯੋਗ ਦੇਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ | ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |