ਅੱਡਾ ਸਰਾਂ, 18 ਮਈ (ਮਸੀਤੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਪਿ੍ੰਸੀਪਲ ਹਰਜੀਤ ਸਿੰਘ ਦੀ ਅਗਵਾਈ ਹੇਠ ਕੁਇਜ਼ ਮੁਕਾਬਲਾ ਕਰਵਾਇਆ | ਇਸ ਮੁਕਾਬਲੇ ਦਾ ਆਯੋਜਨ ਸਕੂਲ ਦੀ ਨੌਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਕੀਤਾ | ਮੁਕਾਬਲੇ ਦੌਰਾਨ ਬਾਬਾ ਜ਼ੋਰਾਵਰ ਸਿੰਘ ਜੀ ਹਾਊਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 22 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਜੇਤੂ ਟੀਮ ਮੈਂਬਰਾਂ 'ਚ ਦੀਪਿਕਾ ਕੌਰ, ਚਿਤਰਾਕਸੀ ਗੀਤਾਂ, ਬਾਵਿਕਾ ਸੁਮਨ ਤੇ ਤਨੀਸ਼ ਕੁਮਾਰ ਸ਼ਾਮਿਲ ਸਨ | ਇਸੇ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਹਾਊਸ ਨੇ 21 ਅੰਕ ਹਾਸਿਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਹਰਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਟੈਕਨਾਲੋਜੀ ਬਾਰੇ ਜਾਣਕਾਰੀ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੌਜੂਦਾ ਸਮਾਂ ਵਿਗਿਆਨ ਤੇ ਟੈਕਨਾਲੋਜੀ ਦਾ ਯੁੱਗ ਹੈ | ਉਨ੍ਹਾਂ ਕਿਹਾ ਕਿ ਮਨੁੱਖ ਹਰ ਰੋਜ਼ ਨਵੀਆਂ ਖੋਜਾਂ ਤੇ ਤਕਨੀਕੀ ਵਿਕਾਸ ਰਾਹੀਂ ਤਰੱਕੀ ਦੇ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |