ਹੁਸ਼ਿਆਰਪੁਰ, 19 ਮਈ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਫੋਟੋਗ੍ਰਾਫ਼ਰ ਐਸੋਸੀਏਸ਼ਨ ਵਲੋਂ ਪ੍ਰਧਾਨ ਹਰਜਾਪ ਸਿੰਘ ਦੀ ਅਗਵਾਈ 'ਚ ਜ਼ਿਲ੍ਹੇ ਦੇ ਫੋਟੋਗ੍ਰਾਫ਼ਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਦੇਰ ਰਾਤ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਦੇ ਵਿਰੋਧ 'ਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਮੰਗ-ਪੱਤਰ ਸੌਂਪਿਆ ਗਿਆ | ਇਸ ਮੰਗ ਪੱਤਰ ਡਿਪਟੀ ਕਮਿਸ਼ਨਰ ਦੀ ਗੈਰ-ਮੌਜੂਦਗੀ 'ਚ ਉਨ੍ਹਾਂ ਦੇ ਪੀ.ਏ. ਲਾਲ ਚੰਦ ਵਲੋਂ ਪ੍ਰਾਪਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਹਰਜਾਪ ਸਿੰਘ ਨੇ ਦੱਸਿਆ ਕਿ ਅਦਾਲਤ ਅਤੇ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਰਾਤ 10 ਵਜੇ ਤੋਂ ਬਾਅਦ ਉੱਚੀ ਆਵਾਜ਼ 'ਚ ਲਾਊਡ ਸਪੀਕਰ ਜਾਂ ਡੀ.ਜੇ. ਚਲਾਉਣ 'ਤੇ ਪੂਰਨ ਪਾਬੰਦੀ ਹੈ, ਪਰ ਇਸ ਦੇ ਬਾਵਜੂਦ ਕਈ ਮੈਰਿਜ ਪੈਲੇਸਾਂ ਅਤੇ ਨਿੱਜੀ ਪ੍ਰੋਗਰਾਮਾਂ 'ਚ ਦੇਰ ਰਾਤ 12 ਤੋਂ 2 ਵਜੇ ਤੱਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਡੀ.ਜੇ. ਚਲਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ 'ਚ ਇਸ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਹੁੰਦੀ ਹੈ, ਜਦਕਿ ਪੰਜਾਬ ਵਿਚ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਦੇਰ ਰਾਤ ਹੋਣ ਕਾਰਨ ਵਧ ਰਹੇ ਨੇ ਹਾਦਸੇ ਅਤੇ ਲੁੱਟ-ਖੋਹ ਦੇ ਮਾਮਲੇ ਫੋਟੋਗ੍ਰਾਫ਼ਰਾਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋਗਰਾਮ ਦੇਰ ਰਾਤ ਤੱਕ ਚੱਲਣ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਪਰਤਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਦੇਰ ਰਾਤ ਸੜਕੀ ਹਾਦਸਿਆਂ (ਐਕਸੀਡੈਂਟਾਂ) ਦਾ ਖ਼ਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਅਕਸਰ ਕੀਮਤੀ ਕੈਮਰੇ ਤੇ ਸਾਮਾਨ ਲੁੱਟੇ ਜਾਣ ਦਾ ਡਰ ਵੀ ਬਣਿਆ ਰਹਿੰਦਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਰਿਜ ਪੈਲੇਸ ਮਾਲਕਾਂ ਅਤੇ ਡੀ.ਜੇ. ਸੰਚਾਲਕਾਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸੰਜੀਵ ਅਰੋੜਾ ਸੈਕਟਰੀ, ਲਾਲ ਸਿੰਘ ਚੇਅਰਮੈਨ, ਵਿਪਨ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ, ਹਰਜਿੰਦਰ ਕੁਮਾਰ, ਨਰੇਸ਼ ਕੁਮਾਰ ਸਾਬਾ, ਕਰਮਵੀਰ ਸਿੰਘ ਅਨਿਲ ਕੁਮਾਰ ਅਸ਼ਵਨੀ ਕੁਮਾਰ ਸੁਖਵਿੰਦਰ ਸਿੰਘ ਹੀਰਾ, ਗੁਰਚਰਨ ਸਿੰਘ, ਸ਼ਰਨਜੀਤ ਸਿੰਘ ਬਰਜਿੰਦਰਜੀਤ ਸਿੰਘ, ਗੁਰਮੇਲ ਸਿੰਘ, ਸੁਰੇਸ਼ ਅਰੋੜਾ, ਅਰਸ਼ ਕੁਮਾਰ, ਸੁਲਿੰਦਰ ਕੁਮਾਰ, ਜਸਵਿੰਦਰ ਕੁਮਾਰ, ਸੂਰਜ ਕੁਮਾਰ, ਕੁਮਾਰ ਸਾਹਿਬ, ਯੁਵਰਾਜ ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ |
ਹੁਸ਼ਿਆਰਪੁਰ ਫੋਟੋਗ੍ਰਾਫ਼ਰ ਐਸੋਸੀਏਸ਼ਨ ਨੇ ਮੁਸ਼ਕਿਲਾਂ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ
ਅਜੀਤ ਡੈਸਕ
20-05-2026