ਹੁਸ਼ਿਆਰਪੁਰ, 19 ਮਈ (ਹਰਪ੍ਰੀਤ ਕੌਰ)-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਦੇ 6 ਨਗਰ ਕੌਂਸਲ ਦੇ 80 ਵਾਰਡਾਂ ਦੀ ਚੋਣ ਲਈ ਕੁੱਲ 328 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ ਸਨ ਜਦਕਿ ਪੜਤਾਲ ਦੌਰਾਨ 1 ਨਾਮਜ਼ਦਗੀ ਪੱਤਰ ਰੱਦ ਹੋ ਗਿਆ ਸੀ | ਉਨਾਂ ਦੱਸਿਆ ਕਿ ਇਨਾਂ ਨਾਮਜ਼ਦਗੀ ਪੱਤਰਾਂ ਨੂੰ ਵਾਪਸ ਲੈਣ ਦੀ ਮਿਤੀ 19 ਮਈ ਨੂੰ 64 ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਕੁੱਲ 263 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਵਧੀਕ ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਕੌਂਸਲ ਗੜ੍ਹਸ਼ੰਕਰ ਵਿਚ 1 ਨਾਮਜ਼ਦਗੀ ਪੱਤਰ ਰੱਦ ਕੀਤਾ ਗਿਆ, ਜਦਕਿ ਨਗਰ ਕੌਂਸਲ ਟਾਂਡਾ ਵਿਚ 19 ਨਾਮਜ਼ਦਗੀ ਪੱਤਰ ਵਾਪਸ ਲਏ ਗਏ | ਇਸੇ ਤਰਾਂ ਨਗਰ ਕੌਂਸਲ ਹਰਿਆਣਾ ਵਿਚ 10, ਨਗਰ ਕੌਂਸਲ ਗੜਦੀਵਾਲਾ ਵਿਚ 11, ਨਗਰ ਕੌਂਸਲ ਦਸੂਹਾ ਵਿਚ 8, ਨਗਰ ਕੌਂਸਲ ਮੁਕੇਰੀਆਂ ਵਿਚ 6 ਅਤੇ ਨਗਰ ਕੌਂਸਲ ਗੜਸ਼ੰਕਰ ਵਿਚ 10 ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ | ਉਨਾਂ ਦੱਸਿਆ ਕਿ ਹੁਣ ਚੋਣ ਮੈਦਾਨ ਵਿਚ ਕੁੱਲ 263 ਉਮੀਦਵਾਰ ਰਹਿ ਗਏ ਹਨ ਜਿਨਾਂ ਵਿਚ ਨਗਰ ਕੌਂਸਲ ਟਾਂਡਾ ਵਿਚ 46, ਨਗਰ ਕੌਂਸਲ ਹਰਿਆਣਾ ਵਿਚ 33, ਨਗਰ ਕੌਂਸਲ ਗੜਦੀਵਾਲਾ ਵਿਚ 37 , ਨਗਰ ਕੌਂਸਲ ਦਸੂਹਾ ਵਿਚ 45, ਨਗਰ ਕੌਂਸਲ ਮੁਕੇਰੀਆਂ ਵਿਚ 52 ਅਤੇ ਨਗਰ ਕੌਂਸਲ ਗੜਸ਼ੰਕਰ ਵਿਚ 50 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ |