01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

-ਕਾਂਗਰਸੀ ਉਮੀਦਵਾਰ ਤੋਂ ਨਾਮਜ਼ਦਗੀ ਪੇਪਰ ਖੋਹਣ ਦਾ ਮਾਮਲਾ- ਕਾਂਗਰਸੀਆਂ ਵਲੋਂ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਅੱਗੇ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ

ਅਜੀਤ ਡੈਸਕ 23-05-2026
ਗੜ੍ਹਸ਼ੰਕਰ, 22 ਮਈ (ਧਾਲੀਵਾਲ)-ਨਗਰ ਕੌਂਸਲ ਚੋਣਾਂ ਸੰਬੰਧੀ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਦੇ ਅੰਤਿਮ ਦਿਨ ਐੱਸ. ਡੀ. ਐੱਮ. ਦਫ਼ਤਰ 'ਚੋਂ ਇਕ ਵਿਅਕਤੀ ਵਲੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਦੇ ਨਾਮਜ਼ਦਗੀ ਪੇਪਰ ਖੋਹ ਕੇ ਫਰਾਰ ਹੋਣ ਦੇ ਮਾਮਲੇ 'ਚ ਬੀਤੇ ਦਿਨੀਂ ਡੀ. ਐੱਸ. ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਪਰਚਾ ਦਰਜ ਕਰਨ ਦੀ ਮੰਗ ਤੋਂ ਬਾਅਦ ਅੱਜ ਕਾਂਗਰਸੀਆਂ ਵਲੋਂ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਹੇਠ ਪੁਲਿਸ ਸਟੇਸ਼ਨ ਅੱਗੇ ਧਰਨਾ ਦੇ ਕੇ ਸਿਵਲ ਤੇ ਪੁਲਿਸ ਪ੍ਰਸਾਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੇ ਸਿਵਲ ਤੇ ਪੁਲਿਸ ਪ੍ਰਸਾਸ਼ਨ ਦੀ ਇਸ ਮਾਮਲੇ 'ਚ ਕਥਿਤ ਮਿਲੀਭੁਗਤ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਦੀ ਸ਼ਹਿ 'ਤੇ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਨਗਰ ਕੌਂਸਲ ਚੋਣਾਂ 'ਚ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਸ ਪ੍ਰਸਾਸ਼ਨ ਵਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਨਿਭਾਉਣੀ ਹੈ, ਉਸੇ ਪ੍ਰਸਾਸ਼ਨ ਦੇ ਸਾਹਮਣੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ. ਦਫ਼ਤਰ 'ਚ ਐੱਸ. ਡੀ. ਐੱਮ. ਦੇ ਸਾਹਮਣੇ ਇਕ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਖੋਹ ਕੇ ਫਰਾਰ ਹੋਣ ਦੀ ਘਟਨਾ ਤੋਂ ਕਾਨੂੰਨ ਵਿਵਸਥਾ ਤੇ ਸਰਕਾਰੀ ਧੱਕੇਸ਼ਾਹੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਉਨ੍ਹਾਂ ਮੌਕੇ 'ਤੇ ਪੁਲਿਸ ਪ੍ਰਸਾਸ਼ਨ ਤੋਂ ਦੋਸ਼ੀ ਖਿਲਾਫ਼ ਤੁਰੰਤ ਪਰਚਾ ਦਰਜ਼ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਦੋਸ਼ੀ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਸਾਨੂੰ ਮਜ਼ਬੂਰਨ ਅਦਾਲਤ ਦਾ ਸਹਾਰਾ ਲੈਣਾ ਪਵੇਗਾ | ਇਸ ਮੌਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਡੀ. ਐੱਸ. ਪੀ. ਦਲਜੀਤ ਸਿੰਘ ਖੱਖ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਦੀ ਖੋਖ ਕਰਦਿਆਂ ਦੋਸ਼ੀ ਖ਼ਿਲਾਫ਼ ਜਲਦ ਹੀ ਕਾਰਵਾਈ ਕੀਤੀ ਜਾਵੇਗੀ | ਧਰਨੇ 'ਚ ਕਾਂਗਰਸੀ ਆਗੂ ਜਸਵੀਰ ਸਿੰਘ ਪੁਰਖੋਵਾਲ, ਬਲਾਕ ਪ੍ਰਧਾਨ ਸੰਦੀਪ ਰਾਣਾ, ਵਾਰਡ 8 ਤੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਤੇ ਹੋਰ ਹਾਜ਼ਰ ਹੋਏ |
ਪਿਛਲੀ ਖ਼ਬਰ ਹਰਿਆਣਾ ਨਗਰ ਕੌਂਸਲ ਦੇ ਪੋਲਿੰਗ ਬੂਥਾਂ ਦੀ ਸੋਧੀ ਹੋਈ ਸੂਚੀ ਰਾਜ ਚੋਣ ਕਮਿਸ਼ਨ ਨੂੰ ਭੇਜੀ-ਏ. ਡੀ. ਸੀ. ਅਗਲੀ ਖ਼ਬਰ ਗੜ੍ਹਦੀਵਾਲਾ ਵਿਖੇ ਰਸੂਲਪੁਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।