ਹੁਸ਼ਿਆਰਪੁਰ, 4 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਦੇ ਲੋਕਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸਥਾਨਕ ਸ਼ਿਮਲਾ ਪਹਾੜੀ ਚੌਕ 'ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਨਵੇਂ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈ. ਪੀ. ਐਸ.) ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਟਾਰਮ ਸੀਵਰ ਦਾ ਇਹ ਪ੍ਰਾਜੈਕਟ ਬਰਸਾਤਾਂ ਦੌਰਾਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਭਰਨ ਦੀ ਸਮੱਸਿਆ ਦਾ ਸਥਾਈ ਹੱਲ ਸਾਬਤ ਹੋਵੇਗਾ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ | ਵਿਧਾਇਕ ਜਿੰਪਾ ਨੇ ਦੱਸਿਆ ਕਿ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਲਗਪਗ 1 ਕਰੋੜ 58 ਲੱਖ ਰੁਪਏ ਦੀ ਲਾਗਤ ਨਾਲ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਮੁਕੰਮਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਇਸ ਪ੍ਰਾਜੈਕਟ ਨੂੰ ਤਰਜੀਹ ਦੇ ਆਧਾਰ 'ਤੇ ਮਨਜ਼ੂਰੀ ਦਿਵਾਈ ਗਈ ਤੇ ਹੁਣ ਇਸ ਦਾ ਕੰਮ ਪੂਰਾ ਹੋਣ ਤੋਂ ਬਾਅਦ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਣ ਸੈਣੀ, ਅਜੈ ਵਰਮਾ, ਸੁਦਰਸ਼ਨ ਧੀਰ, ਸੰਤੋਸ਼ ਸੈਣੀ, ਅਜੈ ਸੈਣੀ, ਮੰਜੀਤ ਸਿੰਘ, ਵਿਕਾਸ ਸੈਣੀ, ਸੁਭਾਸ਼ ਚੰਦਰ, ਪ੍ਰਦੀਪ ਸੈਣੀ ਅਤੇ ਕੁਲਵਿੰਦਰ ਸਿੰਘ ਹੁੰਦਲ ਆਦਿ ਹਾਜ਼ਰ ਸਨ |