ਹੁਸ਼ਿਆਰਪੁਰ, 10 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੀ. ਏ. ਯੂ.-ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਡਾ. ਮਹਿੰਦਰ ਸਿੰਘ ਰੰਧਾਵਾ ਫਲ ਖੋਜ ਕੇਂਦਰ ਗੰਗੀਆਂ ਵਿਖੇ ਖੇਤ ਬਚਾਓ ਅਭਿਆਨ ਤਹਿਤ ਨਬਾਰਡ ਦੇ ਸਹਿਯੋਗ ਨਾਲ ਕਿਸਾਨ ਉਤਪਾਦਕ ਸੰਸਥਾਵਾਂ (ਐਫ.ਪੀ.ਓਜ) ਲਈ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ 'ਚ ਕਿ੍ਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਨੇ ਖੇਤ ਬਚਾਓ ਅਭਿਆਨ ਦੇ ਮੰਤਵ ਅਤੇ ਇਸ ਅਧੀਨ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਸਾਨ ਉਤਪਾਦਕ ਸੰਸਥਾਵਾਂ (ਐਫ. ਪੀ. ਓਜ਼) ਨੂੰ ਸਾਉਣੀ ਦੀਆਂ ਫ਼ਸਲਾਂ ਲਈ ਸਿਫ਼ਾਰਸ਼ ਖੇਤੀ ਤਕਨੀਕਾਂ ਅਤੇ ਰਸਾਇਣਿਕ ਖਾਦਾਂ ਦੀ ਸੁਚੱਜੀ ਵਰਤੋਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕੇ.ਵੀ.ਕੇ. ਵਲੋਂ ਕਿਸਾਨ ਭਲਾਈ ਹਿੱਤ ਪ੍ਰਦਾਨ ਕੀਤੀਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਅਤੇ ਸੇਵਾਵਾਂ ਬਾਰੇ ਵੀ ਜਾਣੂ ਕਰਵਾਇਆ | ਡਾ. ਬੌਂਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਪੀ. ਏ. ਯੂ.-ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ 'ਚ ਉਪਲੱਬਧ ਸਿੱਖਿਆ ਦੇ ਮੌਕਿਆਂ ਬਾਰੇ ਵੀ ਚਾਨਣਾ ਪਾਇਆ | ਫਾਰਮ ਸਲਾਹਕਾਰ ਸੇਵਾ ਕੇਂਦਰ ਗੰਗੀਆਂ ਤੋਂ ਪ੍ਰਮੁੱਖ ਪਸਾਰ ਵਿਗਿਆਨੀ ਡਾ. ਚਰਨਜੀਤ ਕੌਰ ਨੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਬਤ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ | ਫਲ ਖੋਜ ਕੇਂਦਰ ਗੰਗੀਆਂ ਦੇ ਇੰਚਾਰਜ ਡਾ. ਸੁਮਨਜੀਤ ਕੌਰ ਨੇ ਫਲ ਖੋਜ ਕੇਂਦਰ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ | ਕੇ.ਵੀ.ਕੇ. ਹੁਸ਼ਿਆਰਪੁਰ ਤੋਂ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਡਾ. ਕਰਮਵੀਰ ਸਿੰਘ ਗਰਚਾ ਨੇ ਸਬਜ਼ੀਆਂ 'ਚ ਖਾਦਾਂ ਅਤੇ ਹੋਰ ਖੇਤੀ ਰਸਾਇਣਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਣਕਾਰੀ ਦਿੱਤੀ | ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਜਤ ਸ਼ਰਮਾ ਨੇ ਸਵੈ ਸਹਾਇਤਾ ਸਮੂਹਾਂ ਅਤੇ ਐਫ.ਪੀ.ਓਜ ਦਾ ਖੇਤ ਬਚਾਓ ਅਭਿਆਨ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਅਹਿਮ ਰੋਲ ਬਾਰੇ ਕਿਹਾ | ਕੈਂਪ 'ਚ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਭੂੰਗਾ, ਦਸੂਹਾ ਬਾਸਮਤੀ ਪ੍ਰੋਡਿਊਸਰ ਕੰਪਨੀ ਲਿਮਟਿਡ, ਕੰਢੀ ਐਫ. ਪੀ. ਓ. ਦਸੂਹਾ, ਸ਼ਿਵਾਲਿਕ ਐਫ. ਪੀ. ਓ. ਹਾਜੀਪੁਰ ਅਤੇ ਅੰਮਿ੍ਤ ਧਾਰਾ ਐਫ. ਪੀ. ਓ. ਭੂੰਗਾ ਦੇ ਮੁੱਖ ਕਾਰਜਕਾਰੀ ਅਫ਼ਸਰ, ਪ੍ਰਧਾਨ, ਨਿਰਦੇਸ਼ਕ ਅਤੇ ਮੈਂਬਰਾਂ ਨੇ ਭਾਗ ਲਿਆ ਅਤੇ ਖੇਤ ਬਚਾਓ ਅਭਿਆਨ ਲਈ ਆਪਣਾ ਸਮਰਥਨ ਪ੍ਰਗਟ ਕੀਤਾ |