13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਗਰ ਨਿਗਮ ਦੀ ਚੋਣ ਲਈ ਮੈਦਾਨ ਭਖਿਆ, ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਸ਼ੁਰੂ

ਅਜੀਤ ਡੈਸਕ 27-06-2026
ਹੁਸ਼ਿਆਰਪੁਰ, 26 ਜੂਨ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਨਗਰ ਨਿਗਮ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਾਵਾਉਣ ਤੋਂ ਬਾਅਦ ਉਮਦੀਵਾਰ ਚੋਣ ਪ੍ਰਚਾਰ ’ਚ ਜੁਟ ਗਏ ਹਨ। 50 ਵਾਰਡਾਂ ਦੀ ਚੋਣ ਲਈ 286 ਉਮੀਦਵਾਰ ਮੈਦਾਨ ’ਚ ਉਤਰੇ ਹਨ। ਪੱਤਰਾਂ ਦੀ ਜਾਂਚ ਤੇ ਨਾਂਅ ਵਾਪਿਸ ਲੈਣ ਦੀ ਪ੍ਰਕਿਰਿਆ ਤੋਂ ਬਾਅਦ 27 ਜੂਨ ਨੂੰ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਹੋ ਜਾਵੇਗੀ। ਜਿਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਾਰੇ ਵਾਰਡਾਂ ਵਿਚ ਉਮਦੀਵਾਰ ਖੜ੍ਹੇ ਕੀਤੇ ਹਨ, ਭਾਰਤੀ ਜਨਤਾ ਪਾਰਟੀ 47 ਤੇ ਸ਼੍ਰੋਮਣੀ ਅਕਾਲੀ ਦਲ 36 ਵਾਰਡਾਂ ’ਚ ਚੋਣ ਲੜ ਰਹੇ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦਾ ਕਹਿਣਾ ਹੈ ਕਿ ਤਿੰਨ ਉਮੀਦਵਾਰਾਂ ਦੇ ਕਾਗਜ਼ ਰਿਟਰਨਿੰਗ ਅਧਿਕਾਰੀਆਂ ਵਲੋ ਲਏ ਹੀ ਨਹੀਂ ਗਏ। ਅਕਾਲੀ ਦਲ ਨੂੰ ਕਈ ਵਾਰਡਾਂ ’ਚ ਯੋਗ ਉਮੀਦਵਾਰ ਹੀ ਨਹੀਂ ਲੱਭੇ। ਵਾਰਡਾਂ ਦੀ ਨਵੀਂ ਹਦਬੰਦੀ ਹੋਣ ਕਾਰਨ ਕਈ ਚਾਹਵਾਨ ਚੋਣ ਲੜਣ ਤੋਂ ਖੁੰਝ ਗਏ ਜਦਕਿ ਕਈ ਆਪਣੇ ਘਰ ਦੇ ਹੋਰ ਮੈਂਬਰਾਂ ਲਈ ਟਿਕਟਾਂ ਲੈਣ ’ਚ ਸਫਲ ਰਹੇ। ਵਾਰਡ ਨੰਬਰ-30 ਜੋ ਪਹਿਲਾਂ ਅੋਰਤਾਂ ਲਈ ਰਾਖਵਾਂ ਸੀ, ਜਨਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਬਕਾ ਕੋਂਸਲਰ ਮੋਨਿਕਾ ਕਤਨਾ ਦੇ ਪਤੀ ਬਲਵਿੰਦਰ ਕਤਨਾ ਹੁਣ ਚੋਣ ਲੜ ਰਹੇ ਹਨ। ਵਾਰਡ ਨੰਬਰ-3 ਤੋਂ ਸਾਬਕਾ ਮੈਂਬਰ ਪਾਰਲੀਮੈਂਟ ਵਿਜੇ ਸਾਂਪਲਾ ਦੇ ਪੀ. ਏ. ਭਾਰਤ ਭੂਸ਼ਣ ਵਰਮਾ ਦੀ ਪਤਨੀ ਨੂੰ ਟਿਕਟ ਦੇ ਦਿੱਤੀ ਗਈ ਹੈ। ਸਾਬਕਾ ਮੇਅਰ ਸੁਰਿੰਦਰ ਕੁਮਾਰ ਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਫਿਰ ਤੋਂ ਚੋਣ ਮੈਦਾਨ ਵਿਚ ਹਨ ਪਰ ‘ਆਪ’ ਵਲੋ ਡਿਪਟੀ ਮੇਅਰ ਰਣਜੀਤਾ ਚੌਧਰੀ ਦੀ ਟਿਕਟ ਰੱਦ ਕਰ ਦਿੱਤੀ ਗਈ। ਰਣਜੀਤਾ ਚੋਧਰੀ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਭਾਜਪਾ ਨੇ ਵਾਰਡ ਨੰਬਰ-37 ਤੋਂ ਐਡਵੋਕੇਟ ਗੁਰਪ੍ਰੀਤ ਕੌਰ ਦੀ ਟਿਕਟ ਕੱਟ ਦਿੱਤੀ, ਜਿਸ ’ਤੇ ਉਹ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਿਲ ਹੋ ਗਏ। ਹੁਣ ਉਹ ਇਸੇ ਵਾਰਡ ਤੋਂ ਕਾਂਗਰਸ ਦੇ ਉਮੀਦਵਾਰ ਹਨ। ਕਈ ਮੌਜੂਦਾ ਕੌਂਸਲਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਜਦਕਿ ਨਰਿੰਦਰ ਕੌਰ ਦਾ ਵਾਰਡ ਨੰਬਰ-12 ਜਨਰਲ ਹੋਣ ਦੇ ਬਾਵਜੂਦ ਭਾਜਪਾ ਨੇ ਉਨ੍ਹਾਂ ’ਤੇ ਹੀ ਵਿਸ਼ਵਾਸ ਜਤਾਇਆ ਹੈ। ‘ਆਪ’ ਵਲੋਂ ਅਣਦੇਖਿਆ ਕਰਨ ’ਤੇ ਸਾਬਕਾ ਕੌਂਸਲਰ ਬਲਵਿੰਦਰ ਕੌਰ ਹੁਣ ਭਾਜਪਾ ਦੀ ਉਮੀਦਵਾਰ ਹਨ। ਇਕ ਵਾਰ ਫਿਰ ਸਥਾਨਕ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਭਰਾ ਰਾਜੇਸ਼ਵਰ ਦਿਆਲ ਬੱਬੀ ਵਾਰਡ ਨੰਬਰ-34 ਤੋਂ ਮੈਦਾਨ ਵਿਚ ਹਨ। ਸ਼ਾਮਚੁਰਾਸੀ ਤੋਂ ਵਿਧਾਇਕ ਤੇ ਮੰਤਰੀ ਡਾ. ਰਵਜੋਤ ਸਿੰਘ ਨੇ ਆਪਣੇ ਪੀ. ਏ. ਪ੍ਰਦੀਪ ਸੈਣੀ ਨੂੰ ਵਾਰਡ ਨੰਬਰ-4 ਤੋਂ ਟਿਕਟ ਦਿਵਾਈ ਹੈ। ਇਸ ਵਾਰ ਦੋ ਦੰਪਤੀ ਵੱਖਰੇ-ਵੱਖਰੇ ਵਾਰਡਾਂ ਤੋਂ ਚੋਣ ਲੜ ਰਹੇ ਹਨ। ਸਾਬਕਾ ਕੌਂਸਲਰ ਅਸ਼ੋਕ ਕੁਮਾਰ ਸ਼ੋਕੀ ਤੇ ਉਨ੍ਹਾਂ ਦੀ ਪਤਨੀ ਕ੍ਰਮਵਾਰ ਵਾਰਡ ਨੰਬਰ-26 ਤੇ 49 ਤੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਸਾਬਕਾ ਕੌਂਸਲਰ ਮੁਖੀ ਰਾਮ ਜੋ ਪਿਛਲੀ ਵਾਰ ਅਾਜ਼ਾਦ ਜਿੱਤੇ ਸਨ, ਇਸ ਵਾਰ ‘ਆਪ’ ਵਲੋ ਵਾਰਡ ਨੰਬਰ-8 ਤੋਂ ਅਤੇ ਉਨ੍ਹਾਂ ਦੀ ਪਤਨੀ ਗੁਰਬਖਸ਼ ਕੌਰ ਵਾਰਡ ਨੰਬਰ-9 ਤੋਂ ਚੋਣ ਲੜ ਰਹੇ ਹਨ। ਉਮੀਦਵਾਰਾਂ ਵਲੋ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸ਼ਾਮ ਸਮੇਂ ਮੁਹੱਲਾ ਵਾਰ ਮੀਟਿੰਗਾਂ ਵੀ ਹੋ ਰਹੀਆਂ ਹਨ। 5 ਜੁਲਾਈ ਨੂੰ ਇਨ੍ਹਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ।
ਪਿਛਲੀ ਖ਼ਬਰ ਨੰਬਰਦਾਰ ਹਰਮੇਸ਼ ਸਿੰਘ ਬਰਿਆਣਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਲਾਲੀ ਬਾਜਵਾ ਵਲੋਂ ਉਮੀਦਵਾਰ ਪ੍ਰਿਤਪਾਲ ਕੌਰ ਡਿੰਪਲ ਲਾਂਬਾ ਦੇ ਹੱਕ ’ਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।