ਗੜ੍ਹਸ਼ੰਕਰ, 27 ਜੁਲਾਈ (ਧਾਲੀਵਾਲ) -ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਡੀ.ਐੱਸ.ਪੀ. ਦੀ ਅਗਵਾਈ ਹੇਠ ਕੀਤੇ ਅਣਮਨੁੱਖੀ ਤਸ਼ੱਦਦ ਦੇ ਰੋਸ ਵਜੋਂ ਸਫ਼ਾਈ ਸੇਵਕ ਯੂਨੀਅਨ ਪੰਜਾਬ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਹੋਰ ਜਥੇਬੰਦੀਆਂ ਦੇ ਸਾਂਝੇ ਸੱਦੇ ਤਹਿਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਸਿਆਸੀ ਧਿਰਾਂ ਦੇ ਆਗੂਆਂ, ਬਾਰ ਐਸੋਸੀਏਸ਼ਨ, ਵਾਲਮੀਕੀ ਭਾਈਚਾਰੇ ਤੇ ਹੋਰ ਆਗੂਆਂ ਵਲੋਂ ਗੜ੍ਹਸ਼ੰਕਰ ਦੇ ਭਗਵਾਨ ਵਾਲਮੀਕੀ ਬੰਗਾ ਚੌਂਕ ’ਚ ਚੱਕਾ ਜਾਮ ਕਰਕੇ ਦਿੱਤੇ ਧਰਨੇ ’ਚ ਸ਼ਿਰਕਤ ਕਰਦਿਆਂ ਬਰਨਾਲਾ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜ਼ੰਮ ਕੇ ਭੜਾਸ ਕੱਢੀ। ਧਰਨੇ ਦੌਰਾਨ ਮੁਲਾਜ਼ਮ ਆਗੂਆਂ ਮੱਖਣ ਸਿੰਘ ਵਾਹਿਦਪੁਰੀ, ਸ਼ਾਮ ਸੁੰਦਰ ਕਪੂਰ, ਅਮਰੀਕ ਸਿੰਘ, ਕਾਮਰੇਡ ਦਰਸ਼ਨ ਸਿੰਘ ਮੱਟੂ, ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਕਾਮਰੇਡ ਗੁਰਨੇਕ ਸਿੰਘ ਭੱਜਲ, ਨਗਰ ਕੌਂਸਲ ਦੇ ਪ੍ਰਧਾਨ ਸੋਮ ਨਾਥ ਬੰਗੜ, ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਟੀ, ਕਾਂਗਰਸ ਹਲਕਾ ਇੰਚਾਰਜ ਅਮਰਪ੍ਰੀਤ ਲਾਲੀ, ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ, ਕਾਂਗਰਸੀ ਆਗੂ ਜਸਵੀਰ ਸਿੰਘ ਪੁਰਖੋਵਾਲ, ਚੌਧਰੀ ਜੀਤ ਸਿੰਘ ਬਗਵਾਈਂ, ਸ਼ਿੰਗਾਰਾ ਸਿੰਘ ਕਲਿਆਣ, ਸੋਢੀ ਸਿੰਘ, ਬਾਬਾ ਬੀਰੂ ਰਾਮ, ਕੁਲਵਿੰਦਰ ਸੰਘਾ ਤੇ ਹੋਰਾਂ ਨੇ ਬਰਨਾਲਾ ਘਟਨਾ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੰਘਰਸ਼ ਕਰ ਰਹੇ ਲੋਕਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਸਫ਼ਾਈ ਸੇਵਕਾਂ ’ਤੇ ਢਾਹੇ ਗਏ ਅਣਮਨੁੱਖੀ ਤਸ਼ੱਦਦ ਨਾਲ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਬੁਲਾਰਿਆਂ ਨੇ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਪਟਿਆਲਾ, ਖੰਨਾ ਤੇ ਫਿਰ ਬਰਨਾਲਾ ਵਿਚ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਨਾਲ ਸਰਕਾਰ ਦੀ ਨੀਅਤ ਸਪਸ਼ਟ ਹੋ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਚੋਣਾਂ ਵੇਲੇ ਵੱਡੇ-ਵੱਡੇ ਵਾਅਦੇ ਕਰਨ ਵਾਲੀ ਸਰਕਾਰ ਦੇ ਰਾਜ ਵਿਚ ਮੁਲਾਜ਼ਮ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਮੌਕੇ ਬੁਲਾਰਿਆਂ ਨੇ ਬਰਨਾਲਾ ਵਿਖੇ ਲਾਠੀਚਾਰਜ ਕਰਨ ਦੇ ਮਾਮਲੇ ’ਚ ਮੁਅੱਤਲ ਕੀਤੇ ਡੀ.ਐੱਸ.ਪੀ. ਖਿਲਾਫ ਮਾਮਲਾ ਦਰਜ਼ ਕਰਨ, ਐੱਸ.ਐੱਚ.ਓ. ਤੇ ਹੋਰ ਪੁਲਿਸ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ, ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੈਨਸ਼ਨਰਾਂ ਨੂੰ 2.59 ਗੁਣਾਂਕ ਦੇ ਹਿਸਾਬ ਨਾਲ ਪੈਨਸ਼ਨ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ। ਧਰਨੇ ਦੀ ਸਮਾਪਤੀ ’ਤੇ ਸਫ਼ਾਈ ਸੇਵਕ ਯੂਨੀਅਨ ਦੀ ਪ੍ਰਧਾਨ ਕਿਰਨ ਸੌਂਧੀ ਨੇ ਧੰਨਵਾਦ ਕੀਤਾ। ਇਸ ਮੌਕੇ ਆਰ.ਕੇ. ਭੱਟੀ, ਐਡਵੋਕੇਟ ਹਰਪ੍ਰੀਤ ਸਿੰਘ, ਹਰਜੀਤ ਸਿੰਘ ਭਾਤਪੁਰ, ਪ੍ਰਣਵ ਕ੍ਰਿਪਾਲ, ਅਮਰੀਕ ਸਿੰਘ ਤੇ ਵੱਡੀ ਗਿਣਤੀ ’ਚ ਸਫ਼ਾਈ ਸੇਵਕ ਤੇ ਸਮਰਥਕ ਹਾਜ਼ਰ ਹੋਏ।
-ਬਰਨਾਲਾ ’ਚ ਸਫ਼ਾਈ ਸੇਵਕਾਂ ’ਤੇ ਪੁਲਿਸ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਦਾ ਮਾਮਲਾ-ਗੜ੍ਹਸ਼ੰਕਰ ’ਚ ਵੱਖ-ਵੱਖ ਜਥੇਬੰਦੀਆਂ ਤੇ ਸਿਆਸੀ ਧਿਰਾਂ ਨੇ ਚੱਕਾ ਜਾਮ ਕਰ ਕੇ ਦਿੱਤਾ ਰੋਸ ਧਰਨਾ
ਅਜੀਤ ਡੈਸਕ
28-07-2026