ਹੁਸ਼ਿਆਰਪੁਰ, 27 ਜੁਲਾਈ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਪਿੰਡ ਆਨੰਦਗੜ੍ਹ ਦੇ ਸਰਪੰਚ ਸਤਪਾਲ ਦੇ ਕਤਲ ਦੇ ਕੇਸ ’ਚ ਪੁਲਿਸ ਨੇ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਜਾ ਚੁੱਕਿਆ ਹੈ। ਬੀਤੇ ਮੰਗਲਵਾਰ ਦੀ ਰਾਤ ਨੂੰ ਕੁੱਝ ਵਿਅਕਤੀਆਂ ਨੇ ਸਰਪੰਚ ਨੂੰ ਗੱਡੀ ਹੇਠ ਰੋਂਦ ਕੇ ਉਸ ’ਤੇ ਤੇਜ਼ਧਾਰ ਹਥਆਰਾਂ ਨਾਲ ਹਮਲਾ ਕਰ ਦਿੱਤਾ ਸੀ ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ 6 ਦੋਸ਼ੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ। ਚਾਰ ਦੋਸ਼ੀਆਂ ਨੂੰ ਪੁਲਿਸ ਨੇ ਛੇਤੀ ਗ੍ਰਿਫ਼ਤਾਰ ਕਰ ਲਿਆ ਸੀ ਪਰ ਮ੍ਰਿਤਕ ਦਾ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਰਹਿੰਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ’ਤੇ ਦਬਾਅ ਪਾਇਆ ਸੀ। ਉਨ੍ਹਾਂ ਵਲੋਂ ਸਦਰ ਥਾਣੇ ਦੇ ਸਾਹਮਣੇ ਅਤੇ ਚੰਡੀਗੜ੍ਹ ਬਾਈਪਾਸ ’ਤੇ ਧਰਨਾ ਦੇ ਕੇ ਸੜਕਾਂ ਵੀ ਜਾਮ ਕੀਤੀਆਂ ਗਈਆਂ ਸਨ। ਡੀ.ਐਸ.ਪੀ ਸਿਟੀ ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਜਹਾਨਖੇਲਾਂ ਦੇ ਵਿਜੇ ਨਾਮੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਕੇਵਲ ਮਹਿਲਾਂਵਾਲੀ ਦਾ ਪੰਕਜ ਪਠਾਣੀਆ ਹੀ ਗ੍ਰਿਫ਼ਤ ਤੋਂ ਬਾਹਰ ਹੈ ਪਰ ਉਸ ਦੀ ਵੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।
ਪਿੰਡ ਅਨੰਦਗੜ੍ਹ ਦੇ ਸਰਪੰਚ ਦੇ ਕਤਲ ਦੇ ਸੰਬੰਧ ’ਚ ਪੁਲਿਸ ਨੇ ਇਕ ਹੋਰ ਦੋਸ਼ੀ ਕੀਤਾ ਗ੍ਰਿਫ਼ਤਾਰ
ਅਜੀਤ ਡੈਸਕ
28-07-2026