ਰਾਸ਼ਟਰੀ ਮਾਰਗਾਂ ਦੇ ਨਿਰਮਾਣ 'ਚ ਮਿੱਟੀ ਦੀ ਖ਼ਪਤ ਕਾਰਨ ਭੱਠਾ ਉਦਯੋਗ ਲਈ ਖੜ੍ਹਾ ਹੋਇਆ ਵੱਡਾ ਸੰਕਟ
ਅਜੀਤ ਡੈਸਕ
14-02-2026
ਹਾਈਵੇਜ਼ ਦਾ ਨਿਰਮਾਣ ਐਲੀਵੇਟਿਡ ਤਰਜ਼ 'ਤੇ ਹੋਵੇ- ਗਿੱਲ/ਨੱਤ
ਸਥਾਨਕ ਕਸਬਾ ਗੁਰੂਸਰ ਸੁਧਾਰ ਦੇ ਘੁਮਾਣ ਚੌਂਕ ਅਤੇ ਪਿੰਡ ਰਾਜੋਆਣਾ ਕਲਾਂ ਵਿਖੇ ਇੱਟਾਂ ਦਾ ਭੱਠਾ ਚਲਾਉਣ ਵਾਲੇ ਕ੍ਰਮਵਾਰ ਹਾਕਮ ਸਿੰਘ ਗਿੱਲ ਤੇ ਸਾਬਕਾ ਸਰਪੰਚ ਜਗਦੀਪ ਸਿੰਘ ਨੱਤ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇਜ਼ ਨੂੰ 'ਐਲੀਵੇਟਿਡ' (ਪਿੱਲਰਾਂ ਉਪਰ) ਤਰਜ਼ 'ਤੇ ਬਣਾਉਣ ਲਈ ਕੇਂਦਰ 'ਤੇ ਦਬਾਅ ਬਣਾਇਆ ਜਾਵੇ ਤਾਂ ਜੋ ਸੂਬੇ ਅੰਦਰ ਇੱਟਾਂ ਦਾ ਕਾਰੋਬਾਰ ਚੱਲਦਾ ਰਹਿ ਸਕੇ | ਉਨ੍ਹਾਂ ਕਿਹਾ ਕਿ ਇਸ ਉਦਯੋਗ ਦੇ ਭਾਰੀ ਘਾਟੇ ਲਈ ਜਿਥੇ ਕੋਲਾ ਮਾਫ਼ੀਆ ਵੀ ਜ਼ਿੰਮੇਵਾਰ ਹੈ ਉਥੇ ਮਜ਼ਦੂਰਾਂ ਵਲੋਂ ਬੰਧੂਆ ਮਜ਼ਦੂਰ ਕਾਨੂੰਨ ਦਾ ਦੁਰਉਪਯੋਗ ਕੀਤੇ ਜਾਣ ਕਾਰਨ ਭੱਠਾ ਮਾਲਕ ਬੇਵੱਸ ਹਨ | ਹਾਕਮ ਸਿੰਘ ਗਿੱਲ ਤੇ ਜਗਦੀਪ ਸਿੰਘ ਨੱਤ ਨੇ ਕਿਹਾ ਕਿ ਇੱਟਾਂ ਦੀ ਪਥਾਈ ਕਰਨ ਵਾਲੀ ਲੇਬਰ ਲੱਖਾਂ ਰੁਪਏ ਅਡਵਾਂਸ ਲੈ ਕੇ ਵੀ ਮੁੱਕਰ ਜਾਂਦੀ ਹੈ ਤੇ ਇਨ੍ਹਾਂ ਸਾਰੇ ਕਾਰਨਾਂ ਕਾਰਨ ਮੌਜੂਦਾ ਸਮੇਂ ਪੰਜਾਬ ਵਿਚ ਸਿਰਫ਼ ਤਿੰਨ ਸੌ ਦੇ ਕਰੀਬ ਭੱਠੇ ਚੱਲ ਰਹੇ ਹਨ ਤੇ ਜੇਕਰ ਸਰਕਾਰ ਨੇ ਸਥਿਤੀ ਸਮੇਤ ਨੀਤੀਆਂ ਨੂੰ ਨਾ ਸੁਧਾਰਿਆ ਤਾਂ ਭੱਠਿਆਂ ਦੀਆਂ ਚਿਮਨੀਆਂ ਵਿਚੋਂ ਸਦਾ ਲਈ ਧੂੰਆਂ ਨਿਕਲਣਾ ਬੰਦ ਹੋ ਜਾਵੇਗਾ |